ਮੁਕਤਸਰ ਵਿਚ ਚਾਰ ਕਿੱਲੋ ਹੈਰੋਇਨ ਸਣੇ ਕਾਰ ਸਵਾਰ ਤਸਕਰ ਗ੍ਰਿਫ਼ਤਾਰ
Friday, Sep 19, 2025 - 01:47 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਡੀ.ਆਈ.ਜੀ ਫਰੀਦਕੋਟ ਨਿਲਾਂਬਰੀ ਜਗਦਲੇ ਵਿਜੇ ਅਤੇ ਐੱਸ.ਐੱਸ.ਪੀ. ਡਾ. ਅਖਿਲ ਚੌਧਰੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਅੰਤਰ-ਜ਼ਿਲ੍ਹਾ ਹੈਰੋਇਨ ਸਪਲਾਈ ਚੈਨ ਨੂੰ ਸਫਲਤਾਪੂਰਵਕ ਰੋਕ ਦਿਆਂ 4 ਕਿੱਲੋ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਿਨ੍ਹਾਂ ਦੇ ਲਿੰਕ ਕਈ ਜ਼ਿਲ੍ਹਿਆਂ ਵਿਚ ਨਸ਼ਾ ਤਸਕਰੀ ਨਾਲ ਜੁੜ੍ਹੇ ਹੋਏ ਹਨ।
ਡੀ. ਆਈ. ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ-2 ਮਲੋਟ ਪੁਲਸ ਵਲੋਂ ਬਠਿੰਡਾ ਰੋਡ ਪੁਲ ਅਤੇ ਪਿੰਡ ਜੰਡਵਾਲਾ ਵੱਲ ਜਾਂਦੀ ਰੋਡ ‘ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਕਾਰ ਨੰਬਰ ਡੀ ਐੱਲ 9 ਸੀਏਕਿਊ 8697 ਨੂੰ ਰੋਕਿਆ ਗਿਆ ਜਿਸ ਵਿਚ ਦੋ ਨੌਜਵਾਨਾਂ ਸਵਾਰ ਸਨ। ਪੁੱਛਣ 'ਤੇ ਡਰਾਈਵਰ ਨੇ ਆਪਣਾ ਨਾਮ ਮਨਪ੍ਰੀਤ ਸ਼ਰਮਾ ਉਰਫ਼ ਪ੍ਰੀਤ ਪੁੱਤਰ ਵਿਜੈ ਕੁਮਾਰ ਵਾਸੀ ਹਰਗੋਬਿੰਦ ਨਗਰ, ਮਲੋਟ ਦੱਸਿਆ ਜਦਕਿ ਕੰਡਕਟਰ ਸੀਟ ‘ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਸੁਖਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਦਵਿੰਦਰਾ ਵਾਲੀ ਗਲੀ, ਮਲੋਟ ਦੱਸਿਆ। ਪੁਲਸ ਅਧਿਕਾਰੀਆਂ ਵਲੋਂ ਜਦੋਂ ਮੌਕੇ 'ਤੇ ਹੀ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਕਾਰ ਵਿਚੋਂ ਕੁੱਲ 4 ਕਿੱਲੋ ਹੈਰੋਇਨ ਬਰਾਮਦ ਹੋਈ। ਦੱਸ ਦਈਏ ਕਿ ਮੁਲਜ਼ਮ ਸੁਖਦੀਪ ਖਿਲਾਫ ਪਹਿਲਾ ਕੁੱਲ 07 ਕੇਸ ਦਰਜ ਹਨ ਜਦਕਿ ਮਨਪ੍ਰੀਤ ਖਿਲਾਫ ਵੀ ਪਹਿਲਾਂ ਇਕ ਕੇਸ ਦਰਜ ਹੈ।