ਇੰਸਟਾਗ੍ਰਾਮ ’ਤੇ ਦੋਸਤੀ ਤੋਂ ਬਾਅਦ ਕੁੜੀ ਨੂੰ ਮਿਲਣ ਗਿਆ ਮੁੰਡਾ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
Friday, Sep 12, 2025 - 01:47 PM (IST)

ਮੋਗਾ (ਆਜ਼ਾਦ) : ਇੰਸਟਾਗ੍ਰਾਮ ’ਤੇ ਕੀਤੀ ਦੋਸਤੀ ਮੋਗਾ ਜ਼ਿਲੇ ਦੇ ਪਿੰਡ ਰਾਊਕੇ ਕਲਾਂ ਦੇ ਰਹਿਣ ਵਾਲੇ ਇਕ ਨੌਜਵਾਨ ਲਈ ਮਹਿੰਗੀ ਸਾਬਤ ਹੋਈ, ਜਦੋਂ ਉਸਨੇ ਲੜਕੀ ਨੂੰ ਫ਼ੋਨ ਕੀਤਾ ਅਤੇ ਆਪਣੇ ਦੋਸਤਾਂ ਨਾਲ ਮਿਲ ਕੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਖਮੀ ਕਰ ਦਿੱਤਾ, ਜਿਸਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਪੀੜਤ ਲੜਕੇ ਜਸਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਮੋਗਾ ਵਿਚ ਮਨਦੀਪ ਕੌਰ ਵਾਸੀ ਜਗਰਾਉਂ ਅਤੇ 3-4 ਅਣਪਛਾਤੇ ਹਥਿਆਰਬੰਦ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਫੋਕਲ ਪੁਆਇੰਟ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਨੇ ਮਨਪ੍ਰੀਤ ਕੌਰ ਨਾਲ ਇੰਸਟਾਗ੍ਰਾਮ ’ਤੇ ਲਗਭਗ 10-15 ਦਿਨ ਪਹਿਲਾਂ ਦੋਸਤੀ ਕੀਤੀ ਸੀ।
ਉਸਨੇ ਉਸਨੂੰ ਮੋਗਾ ਵਿਚ ਮਿਲਣ ਲਈ ਬੁਲਾਇਆ ਅਤੇ ਗੱਲ ਕਰਨ ਤੋਂ ਬਾਅਦ ਉਸਨੂੰ ਦੋਸਾਂਝ ਰੋਡ ਮੋਗਾ ’ਤੇ ਲੈ ਗਈ, ਜਦੋਂ ਉਹ ਜਾ ਰਿਹਾ ਸੀ, ਤਾਂ ਕੁਝ ਅਣਪਛਾਤੇ ਨੌਜਵਾਨਾਂ, ਜਿਨ੍ਹਾਂ ਦੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ, ਨੇ ਉਸਨੂੰ ਘੇਰ ਲਿਆ ਅਤੇ ਬੇਸਬਾਲ ਬੈਟਾਂ ਅਤੇ ਰਾਡਾਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜਦੋਂ ਉਸਨੇ ਰੌਲਾ ਪਾਇਆ ਤਾਂ ਕੁੜੀ ਅਤੇ ਅਣਪਛਾਤੇ ਹਮਲਾਵਰ ਉੱਥੋਂ ਭੱਜ ਗਏ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ ਦੀ ਜਾਂਚ ਕਰ ਰਹੇ ਹਨ ਅਤੇ ਮੋਬਾਈਲ ਫੋਨਾਂ ਦੀ ਸਥਿਤੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਦੇ ਜਲਦੀ ਹੀ ਫੜੇ ਜਾਣ ਦੀ ਸੰਭਾਵਨਾ ਹੈ।