CWC 2019 : ਆਸਟਰੇਲੀਆ ਨੇ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾਇਆ
Wednesday, Jun 12, 2019 - 06:54 PM (IST)
ਟਾਂਟਨ— ਓਪਨਰ ਡੇਵਿਡ ਵਾਰਨਰ (107) ਦੇ ਸ਼ਾਨਦਾਰ ਸੈਂਕੜੇ ਅਤੇ ਉਸ ਦੀ ਕਪਤਾਨ ਆਰੋਨ ਫਿੰਚ (82) ਨਾਲ 146 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਤੋਂ ਬਾਅਦ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਖਤਰਨਾਕ ਗੇਂਦਬਾਜ਼ੀ (33 ਦੌੜਾਂ 'ਤੇ 3 ਵਿਕਟ) ਅਤੇ ਮਿਸ਼ੇਲ ਸਟਾਰਕ ਦੀਆਂ 1 ਓਵਰ 'ਚ 2 ਵਿਕਟਾਂ ਦੀ ਬਦੌਲਤ ਪਿਛਲੇ ਚੈਂਪੀਅਨ ਆਸਟਰੇਲੀਆ ਨੇ ਪਾਕਿਸਤਾਨ ਨੂੰ ਆਈ. ਸੀ. ਸੀ. ਵਿਸ਼ਵ ਕੱਪ ਦੇ ਮੁਕਾਬਲੇ ਵਿਚ 41 ਦੌੜਾਂ ਨਾਲ ਹਰਾ ਦਿੱਤਾ।
ਆਸਟਰੇਲੀਆ ਨੇ ਆਪਣੇ ਪਿਛਲੇ ਮੁਕਾਬਲੇ 'ਚ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਵਾਪਸੀ ਕਰਦਿਆਂ 49 ਓਵਰਾਂ ਵਿਚ 307 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਫਿਰ ਪਾਕਿਸਤਾਨ ਨੂੰ 45.4 ਓਵਰਾਂ 'ਚ 266 ਦੌੜਾਂ 'ਤੇ ਨਿਪਟਾ ਦਿੱਤਾ।
ਆਸਟਰੇਲੀਆ ਦੀ 4 ਮੈਚਾਂ ਵਿਚ ਇਹ ਤੀਜੀ ਜਿੱਤ ਹੈ। ਉਸ ਦੇ 6 ਅੰਕ ਹੋ ਗਏ ਹਨ, ਜਦਕਿ ਪਾਕਿਸਤਾਨ ਨੂੰ 4 ਮੈਚਾਂ ਵਿਚ ਇਹ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਸ ਦੇ ਖਾਤੇ ਵਿਚ 3 ਅੰਕ ਹਨ। ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ 10 ਓਵਰਾਂ 'ਚ 30 ਦੌੜਾਂ 'ਤੇ 5 ਵਿਕਟਾਂ ਲਈਆਂ ਪਰ ਪਾਕਿਸਤਾਨੀ ਬੱਲੇਬਾਜ਼ਾਂ ਨੇ ਆਮਿਰ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ। ਸੈਂਕੜਾਧਾਰੀ ਵਾਰਨਰ ਨੂੰ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ। ਟੂਰਨਾਮੈਂਟ ਵਿਚ ਇਹ ਉਸ ਦਾ ਦੂਜਾ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਸੀ।
ਟੀਮਾਂ :
ਆਸਟਰੇਲੀਆ : ਡੇਵਿਡ ਵਾਰਨਰ, ਅਰੋਨ ਫਿੰਚ (ਕਪਤਾਨ), ਸਟੀਵਨ ਸਮਿੱਥ, ਉਸਮਾਨ ਖਵਾਜਾ, ਸ਼ਾਨ ਮਾਰਸ਼, ਗਲੇਨ ਮੈਕਸਵੈਲ, ਐਲੇਕਸ ਕੈਰੀ, ਨਾਥਨ ਕੁਲਟਰ ਨਾਈਲ, ਪੈਟ ਕਮਿੰਸ, ਮਿਸ਼ੇਲ ਸਟਾਰਕ, ਕੇਨ ਰਿਚਰਡਸਨ।
ਪਾਕਿਸਤਾਨ : ਇਮਾਮ ਉਲ ਹਕ, ਫਖਰ ਜਮਾਨ, ਮੁਹੰਮਦ ਹਫੀਜ, ਬਾਬਰ ਆਜ਼ਮ, ਸਰਫਰਾਜ਼ ਅਹਿਮਦ (ਕਪਤਾਨ), ਸ਼ੋਇਬ ਮਲਿਕ, ਆਸਿਫ ਅਲੀ, ਵਹਾਬ ਰਿਆਜ਼, ਹਸਨ ਅਲੀ, ਸ਼ਾਹੀਨ ਅਫਰੀਦੀ, ਮੁਹੰਮਦ ਆਮਿਰ।