CWC 2019 : ਆਸਟਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾਇਆ

06/20/2019 11:25:58 PM

ਨਾਟਿੰਘਮ- ਬੇਮੇਲ ਮੰਨੇ ਜਾ ਰਹੇ ਮੁਕਾਬਲੇ ਨੂੰ ਬੰਗਲਾਦੇਸ਼ੀ ਬੱਲੇਬਾਜ਼ਾਂ ਦੇ ਜੁਝਾਰੂਪਨ ਨੇ ਇਕ ਵਾਰੀ ਰੋਮਾਂਚਕ ਬਣਾ ਦਿੱਤਾ ਸੀ ਪਰ ਉਹ ਆਸਟਰੇਲੀਆਈ ਦੌੜਾਂ ਦੇ ਪਹਾੜ ਅੱਗੇ ਵੀਰਵਾਰ ਨੂੰ ਵਿਸ਼ਵ ਕੱਪ ਦੇ ਵੱਡੇ ਸਕੋਰ ਵਾਲੇ ਮੈਚ ਵਿਚ 48 ਦੌੜਾਂ ਨਾਲ ਪਿੱਛੇ ਰਹਿ ਗਏ। 5 ਵਾਰ ਦੀ ਚੈਂਪੀਅਨ ਆਸਟਰੇਲੀਆ ਇਸ ਜਿੱਤ ਨਾਲ ਸੈਮੀਫਾਈਨਲ ਦੇ ਨੇੜੇ ਪਹੁੰਚ ਗਈ ਹੈ। 

PunjabKesari
ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (166) ਦੇ ਸ਼ਾਨਦਾਰ ਸੈਂਕੜੇ, ਉਸਮਾਨ ਖਵਾਜਾ (89) ਤੇ ਕਪਤਾਨ ਆਰੋਨ ਫਿੰਚ (53) ਦੇ ਬਿਹਤਰੀਨ ਅਰਧ ਸੈਂਕੜਿਆਂ ਨਾਲ 50 ਓਵਰਾਂ ਵਿਚ 5 ਵਿਕਟਾਂ 'ਤੇ 381 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਬੰਗਲਾਦੇਸ਼ ਨੇ 8 ਵਿਕਟਾਂ 'ਤੇ 333 ਦੌੜਾਂ  ਬਣਾਈਆਂ, ਜਿਹੜਾ ਉਸਦਾ ਵਨ ਡੇ ਵਿਚ ਸਰਵਉੱਚ ਸਕੋਰ ਹੈ ਪਰ ਉਹ ਟੀਚੇ ਤਕ ਪਹੁੰਚਣ ਤੋਂ ਬਹੁਤ ਦੂਰ ਰਹਿ ਗਏ। ਬੰਗਲਾਦੇਸ਼ ਵੱਲੋਂ ਮੁਸ਼ਫਿਕਰ ਰਹੀਮ 97 ਗੇਂਦਾਂ 'ਤੇ 9 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 102 ਦੌੜਾਂ 'ਤੇ ਅਜੇਤੂ ਰਿਹਾ। ਉਸ ਤੋਂ ਇਲਾਵਾ ਤਮੀਮ ਇਕਬਾਲ (62), ਮਹਿਮੂਦਉੱਲ੍ਹਾ (69) ਤੇ ਸ਼ਾਕਿਬ ਅਲ ਹਸਨ (41) ਨੇ ਵੀ ਸ਼ਾਨਦਾਰ ਪਾਰੀਆਂ ਖੇਡੀਆਂ। ਇਸ ਜਿੱਤ ਦੇ ਨਾਲ ਆਸਟਰੇਲੀਆ 6 ਮੈਚਾਂ ਵਿਚੋਂ 10 ਅੰਕ ਲੈ ਕੇ ਚੋਟੀ 'ਤੇ ਪਹੁੰਚ ਗਿਆ ਹੈ, ਜਦਕਿ ਬੰਗਲਾਦੇਸ਼ 6 ਮੈਚਾਂ ਵਿਚੋਂ 5 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ। 
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆਈ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ ਤੇ ਉਸਦੇ ਦੋਵੇਂ ਸਲਾਮੀ ਬੱਲੇਬਾਜ਼ ਵਾਰਨਰ ਤੇ ਫਿੰਚ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਪਹਿਲੀ ਵਿਕਟ ਲਈ 121 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕਰ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਵਾਰਨਰ ਨੇ 147 ਗੇਂਦਾਂ ਵਿਚ 14 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 166 ਦੌੜਾਂ ਬਣਾਈਆਂ ਤੇ ਆਪਣਾ 16ਵਾਂ ਕੌਮਾਂਤਰੀ ਸੈਂਕੜਾ ਵੀ ਪੂਰਾ ਕਰ ਲਿਆ।

PunjabKesari

ਕਪਤਾਨ ਫਿੰਚ ਨੇ ਆਪਣੀ 53 ਦੌੜਾਂ ਦੀ ਪਾਰੀ ਵਿਚ 5 ਚੌਕੇ ਤੇ 2 ਛੱਕੇ ਲਾਏ। ਫਿੰਚ ਦੀ ਪਾਰੀ ਨੂੰ ਸੌਮਿਆ ਸਰਕਾਰ ਨੇ ਰੂਬੇਲ ਹੁਸੈਨ ਹੱਥੋਂ ਕੈਚ ਕਰਵਾ ਕੇ ਖਤਮ ਕਰ ਦਿੱਤਾ। ਫਿੰਚ ਦੇ ਆਊਟ ਹੋਣ ਤੋਂ ਬਾਅਦ ਵਾਰਨਰ ਨੇ ਉਸਮਾਨ ਖਵਾਜਾ ਨਾਲ ਆਸਟਰੇਲੀਆਈ ਪਾਰੀ ਨੂੰ ਮਜ਼ਬੂਤੀ ਦਿੱਤੀ ਤੇ ਦੋਵਾਂ ਨੇ ਦੂਜੀ ਵਿਕਟ ਲਈ 192 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਖਵਾਜਾ ਨੇ 72 ਗੇਂਦਾਂ 'ਤੇ 10 ਚੌਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ। ਵਾਰਨਰ ਦੀ ਵਿਕਟ 44.2 ਓਵਰਾਂ ਵਿਚ 313 ਦੌੜਾਂ ਦੇ ਸਕੋਰ 'ਤੇ ਡਿੱਗੀ। ਵਾਰਨਰ ਨੂੰ ਸੌਮਿਆ ਨੇ ਰੂਬੇਲ ਹੱਥੋਂ ਕੈਚ ਕਰਵਾ ਕੇ ਉਸਦੀ ਪਾਰੀ ਦਾ ਅੰਤ ਕਰ ਦਿੱਤਾ। ਖਵਾਜਾ ਨੂੰ ਵੀ ਸੌਮਿਆ ਨੇ 47ਵੇਂ ਓਵਰ ਦੀ ਆਖਰੀ ਗੇਂਦ 'ਤੇ ਆਊਟ ਕੀਤਾ। ਗਲੇਨ ਮੈਕਸਵੈੱਲ ਨੇ ਮੈਦਾਨ 'ਤੇ ਉਤਰਦੇ ਹੀ ਤੂਫਾਨੀ ਪਾਰੀ ਖੇਡਦੇ ਹੋਏ 10 ਗੇਂਦਾਂ ਵਿਚ 2 ਚੌਕਿਆਂ ਤੇ 3 ਛੱਕਿਆਂ ਦੀ ਬੌਦਲਤ 32 ਦੌੜਾਂ ਬਣਾਈਆਂ। ਹਾਲਾਂਕਿ ਉਸ ਨੂੰ ਰੂਬੇਲ ਨੇ ਰਨ ਆਊਟ ਕਰਕੇ ਉਸਦੀ ਪਾਰੀ ਨੂੰ ਖਤਮ ਕਰ ਦਿੱਤਾ। ਸਟੀਵ ਸਮਿਥ ਅੱਜ ਕੁਝ ਖਾਸ ਨਹੀਂ ਕਰ ਸਕਿਆ  ਤੇ ਇਕ ਦੌੜ ਦੇ ਸਕੋਰ 'ਤੇ ਮੁਸਤਾਫਿਜ਼ੁਰ ਰਹਿਮਾਨ ਨੇ ਉਸ ਨੂੰ ਐੱਲ. ਬੀ. ਡਬਲਯੂ. ਕਰ ਦਿੱਤਾ।
ਮਾਰਕਸ ਸਟੋਇੰਸ ਨੇ 11 ਗੇਂਦਾਂ 'ਤੇ 2 ਚੌਕੇ ਲਾ ਕੇ ਅਜੇਤੂ 17 ਦੌੜਾਂ ਤੇ ਵਿਕਟਕੀਪਰ ਬੱਲੇਬਾਜ਼ ਐਲਕਸ ਕੈਰੀ ਨੇ 8 ਗੇਂਦਾਂ ਦੀ ਆਪਣੀ ਪਾਰੀ ਵਿਚ ਇਕ ਚੌਕਾ ਲਾ ਕੇ ਅਜੇਤੂ 11 ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਸੌਮਿਆ ਸਰਕਾਰ ਨੇ 8 ਓਵਰਾਂ ਵਿਚ 58 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਮੁਸਤਾਫਿਜ਼ੁਰ ਨੇ 9 ਓਵਰਾਂ ਵਿਚ 69 ਦੌੜਾਂ ਦੇ ਕੇ ਇਕ ਵਿਕਟ ਲਈ।  

PunjabKesari

ਟੀਮਾਂ :

ਬੰਗਲਾਦੇਸ਼ : ਤਾਮਿਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ, ਲਿਟਨ ਦਾਸ, ਮਹਿਮੂਦੁੱਲਾ, ਸਬੱਬੀਰ ਰਹਿਮਾਨ, ਮਹਿੰਦੀ ਹਸਨ, ਮਸ਼ਰਫ਼ੀ ਮੁਰਤਜ਼ਾ (ਕਪਤਾਨ), ਰੂਬਲ ਹੁਸੈਨ, ਮੁਸਤਫਿਜ਼ੁਰ ਰਹਿਮਾਨ।
ਆਸਟ੍ਰੇਲੀਆ : ਡੇਵਿਡ ਵਾਰਨਰ, ਅਰੋਨ ਫਿੰਚ (ਕਪਤਾਨ), ਉਸਮਾਨ ਖਵਾਜਾ, ਸਟੀਵਨ ਸਮਿਥ, ਗਲੇਨ ਮੈਕਸਵੇਲ, ਮਾਰਕਸ ਸਟੋਨਿਸ, ਐਲੇਕਸ ਕੈਰੀ, ਨਾਥਨ ਕੁਲਟਰ ਨਾਈਲ, ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜਾਂਪਾ।


Related News