ਕਾਊਂਟੀ ਚੈਂਪੀਅਨਸ਼ਿਪ : ਸੰਕਟ ਦੇ ਸਮੇਂ ਸਾਈ ਨੇ ਗਲੌਸਟਰਸ਼ਾਇਰ ਲਈ ਖੇਡੀ ਮਹੱਤਵਪੂਰਨ ਪਾਰੀ
Thursday, Sep 17, 2026 - 05:32 PM (IST)
ਸਪੋਰਟਸ ਡੈਸਕ- ਰੋਥਸੇ ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ ਟੂ ਵਿੱਚ ਬ੍ਰਿਸਟਲ ਦੇ ਸੀਟ ਯੂਨੀਕ ਸਟੇਡੀਅਮ 'ਚ ਖੇਡੇ ਜਾ ਰਹੇ ਮੈਚ ਦੇ ਦੂਜੇ ਦਿਨ ਭਾਰਤੀ ਸਪਿਨਰ ਸਾਈ ਕਿਸ਼ੋਰ ਅਤੇ ਦਾਰਯੁਸ਼ ਅਹਿਮਦ ਨੇ ਧਮਾਕੇਦਾਰ ਪਾਰੀਆਂ ਖੇਡ ਕੇ ਆਪਣੀ ਟੀਮ ਗਲੌਸਟਰਸ਼ਾਇਰ ਨੂੰ ਵੱਡੇ ਸੰਕਟ 'ਚੋਂ ਬਾਹਰ ਕੱਢਿਆ। ਮਿਡਲਸੈਕਸ ਦੀ ਪਹਿਲੀ ਪਾਰੀ ਦੇ 326 ਦੌੜਾਂ ਦੇ ਜਵਾਬ ਵਿੱਚ ਗਲੌਸਟਰਸ਼ਾਇਰ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਇੱਕ ਸਮੇਂ 128 ਦੌੜਾਂ 'ਤੇ ਟੀਮ ਦੇ 7 ਬੱਲੇਬਾਜ਼ ਪਵੈਲੀਅਨ ਪਰਤ ਚੁੱਕੇ ਸਨ।
ਇਸ ਨਾਜ਼ੁਕ ਮੋੜ 'ਤੇ ਸਾਈ ਕਿਸ਼ੋਰ ਨੇ 131 ਗੇਂਦਾਂ ਵਿੱਚ 7 ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ, ਜੋ ਕਾਊਂਟੀ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦਾ ਪਹਿਲਾ ਅਰਧ-ਸੈਂਕੜਾ ਹੈ। ਦੂਜੇ ਪਾਸੇ, ਦੱਖਣੀ ਏਸ਼ੀਅਨ ਕ੍ਰਿਕਟ ਅਕਾਦਮੀ ਨਾਲ ਜੁੜੇ ਦਾਰਯੁਸ਼ ਅਹਿਮਦ ਨੇ 117 ਗੇਂਦਾਂ ਵਿੱਚ 6 ਚੌਕਿਆਂ ਤੇ 3 ਛੱਕਿਆਂ ਨਾਲ ਨਾਬਾਦ 90 ਦੌੜਾਂ ਦੀ ਜਾਨਦਾਰ ਪਾਰੀ ਖੇਡੀ, ਜੋ ਉਨ੍ਹਾਂ ਦੇ ਫ਼ਰਸਟ-ਕਲਾਸ ਕਰੀਅਰ ਦਾ ਸਰਵੋਤਮ ਸਕੋਰ ਹੈ।
ਦੋਵਾਂ ਬੱਲੇਬਾਜ਼ਾਂ ਵਿਚਾਲੇ 8ਵੇਂ ਵਿਕਟ ਲਈ ਹੋਈ 144 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਦੀ ਬਦੌਲਤ ਗਲੌਸਟਰਸ਼ਾਇਰ ਦੀ ਟੀਮ 296 ਦੌੜਾਂ ਬਣਾਉਣ ਵਿੱਚ ਸਫ਼ਲ ਰਹੀ ਅਤੇ ਪਹਿਲੀ ਪਾਰੀ ਦੇ ਆਧਾਰ 'ਤੇ ਮਿਡਲਸੈਕਸ ਤੋਂ ਸਿਰਫ਼ 30 ਦੌੜਾਂ ਪਿੱਛੇ ਰਹੀ। ਮਿਡਲਸੈਕਸ ਵੱਲੋਂ ਗੇਂਦਬਾਜ਼ੀ ਕਰਦਿਆਂ ਰਯਾਨ ਹਿਗਿਨਸ ਨੇ 16 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ, ਜਦਕਿ ਲਿਊਕ ਹੌਲਮੈਨ ਨੇ ਆਖ਼ਰੀ ਵਿਕਟਾਂ ਲੈਂਦਿਆਂ ਗਲੌਸਟਰਸ਼ਾਇਰ ਦੀ ਪਾਰੀ ਸਮੇਟੀ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਮਿਡਲਸੈਕਸ ਨੇ ਆਪਣੀ ਦੂਜੀ ਪਾਰੀ ਵਿੱਚ ਬਿਨਾਂ ਕੋਈ ਵਿਕਟ ਗੁਆਏ 17 ਦੌੜਾਂ ਬਣਾ ਲਈਆਂ ਸਨ, ਜਿਸ ਨਾਲ ਉਨ੍ਹਾਂ ਦੀ ਕੁੱਲ ਬੜ੍ਹਤ 47 ਦੌੜਾਂ ਦੀ ਹੋ ਗਈ ਹੈ।
