ਕਾਊਂਟੀ ''ਚ ਕੁਲਦੀਪ ਯਾਦਵ ਨੇ ਬਿਖੇਰਿਆ ਜਾਦੂ ! ਆਲਰਾਊਂਡ ਪ੍ਰਦਰਸ਼ਨ ਨਾਲ ਕੀਤਾ ਪ੍ਰਭਾਵਿਤ

Friday, Sep 11, 2026 - 02:28 PM (IST)

ਕਾਊਂਟੀ ''ਚ ਕੁਲਦੀਪ ਯਾਦਵ ਨੇ ਬਿਖੇਰਿਆ ਜਾਦੂ ! ਆਲਰਾਊਂਡ ਪ੍ਰਦਰਸ਼ਨ ਨਾਲ ਕੀਤਾ ਪ੍ਰਭਾਵਿਤ

ਸਪੋਰਟਸ ਡੈਸਕ- ਕੁਲਦੀਪ ਯਾਦਵ ਨੇ ਯਾਰਕਸ਼ਾਇਰ ਲਈ ਆਲਰਾਊਂਡ ਪ੍ਰਦਰਸ਼ਨ ਕਰਦੇ ਹੋਏ ਏਸੈਕਸ ਖਿਲਾਫ 60 ਦੌੜਾਂ ਦੇ ਕੇ 3 ਵਿਕਟਾਂ ਲਈਆਂ ਤੇ ਉਸ ਤੋਂ ਬਾਅਦ 36 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਉਸ ਦੀ ਤੇ ਡੌਮ ਬੇਸ ਦੀ 8ਵੀਂ ਵਿਕਟ ਲਈ 83 ਦੌੜਾਂ ਦੀ ਸਾਂਝੇਦਾਰੀ ਯਾਰਕਸ਼ਾਇਰ ਲਈ ਬੇਹੱਦ ਅਹਿਮ ਸਾਬਤ ਹੋਈ।

ਬੇਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ 80 ਦੌੜਾਂ ਬਣਾਈਆਂ। ਇਸ ਸਾਂਝੇਦਾਰੀ ਦੀ ਬਦੌਲਤ ਯਾਰਕਸ਼ਾਇਰ ਨੇ ਆਪਣੀ ਪਹਿਲੀ ਪਾਰੀ ’ਚ 390 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਕੁਲਦੀਪ ਜਦੋਂ ਬੱਲੇਬਾਜ਼ੀ ਕਰਨ ਆਇਆ ਸੀ ਤਾਂ ਯਾਰਕਸ਼ਾਇਰ ਦੀਆਂ 7 ਵਿਕਟਾਂ 281 ਦੌੜਾਂ ’ਤੇ ਡਿੱਗ ਚੁੱਕੀਆਂ ਸਨ। ਉੱਥੋਂ ਉਸ ਨੂੰ ਬੇਸ ਦਾ ਸਾਥ ਮਿਲਿਆ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਏਸੈਕਸ ਦੀ ਟੀਮ ਯਾਰਕਸ਼ਾਇਰ ਤੋਂ 253 ਦੌੜਾਂ ਪਿੱਛੇ ਹੈ।

ਵਾਰਵਿਕਸ਼ਾਇਰ ਤੇ ਗਲੈਮੋਰਗਨ ਵਿਚਾਲੇ ਖੇਡੇ ਗਏ ਇਕ ਹੋਰ ਮੁਕਾਬਲੇ ’ਚ ਭਾਰਤ ਦੇ ਟੈਸਟ ਸਟਾਰ ਮਾਨਵ ਸੁਥਾਰ ਨੇ ਆਪਣੀ ਟੀਮ ਦੀ ਪਾਰੀ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਪਹਿਲੀ ਪਾਰੀ ’ਚ ਸੁਥਾਰ ਨੇ ਆਪਣੀ ਤੀਜੀ ਹੀ ਗੇਂਦ ’ਤੇ ਵਿਕਟ ਹਾਸਲ ਕਰ ਲਈ ਅਤੇ ਇਸ ਦੌਰਾਨ ਇਕ ਵੀ ਦੌੜ ਨਹੀਂ ਦਿੱਤੀ। ਬੱਲੇ ਨਾਲ ਉਸ ਨੇ 16 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੂਜੀ ਪਾਰੀ ’ਚ ਗੇਂਦਬਾਜ਼ੀ ਕਰਦੇ ਹੋਏ 2 ਓਵਰਾਂ ’ਚ 2 ਵਿਕਟਾਂ ਲਈਆਂ ਅਤੇ ਇਸ ਪਾਰੀ ’ਚ ਵੀ ਉਸ ਨੇ ਇਕ ਵੀ ਦੌੜ ਨਹੀਂ ਦਿੱਤੀ।

ਇਸ ਤਰ੍ਹਾਂ ਨਾਲ ਪੂਰੇ ਮੈਚ ’ਚ ਸੁਥਾਰ ਨੇ 15 ਗੇਂਦਾਂ ’ਚ 3 ਵਿਕਟਾਂ ਲਈਆਂ ਅਤੇ ਇਕ ਵੀ ਦੌੜ ਨਹੀਂ ਦਿੱਤੀ। ਵਾਰਵਿਕਸ਼ਾਇਰ ਨੇ ਇਹ ਮੈਚ ਪਾਰੀ ਤੇ 257 ਦੌੜਾਂ ਨਾਲ ਜਿੱਤ ਲਿਆ। ਗਲੈਮੋਰਗਨ ਨੇ ਮੈਚ ’ਚ 69 ਤੇ 65 ਦੌੜਾਂ ਬਣਾਈਆਂ ਜਦਕਿ ਵਾਰਵਿਕਸ਼ਾਇਰ ਨੇ ਇਕਲੌਤੀ ਪਾਰੀ ’ਚ 391 ਦੌੜਾਂ ਬਣਾਈਆਂ ਸਨ।

ਸਸੈਕਸ ਤੇ ਸਰੇ ਵਿਚਾਲੇ ਖੇਡੇ ਜਾ ਰਹੇ ਇਕ ਹੋਰ ਡਵੀਜ਼ਨ-1 ਮੁਕਾਬਲੇ ’ਚ ਭਾਰਤ ਦੇ ਲੈੱਗ ਸਪਿੰਨਰ ਰਾਹੁਲ ਚਾਹਰ ਨੇ 4 ਵਿਕਟਾਂ ਹਾਸਲ ਕੀਤੀਆਂ। ਚਾਹਰ ਨੇ 97 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਸਰੇ ਵੱਲੋਂ ਪਾਰੀ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ। ਉਸ ਤੋਂ ਇਲਾਵਾ ਭਾਰਤੀ ਆਲਰਾਊਂਡਰ ਮਹੀਪਾਲ ਲੌਮਰੋਰ ਨੇ 2 ਵਿਕਟਾਂ ਹਾਸਲ ਕੀਤੀਆਂ।

ਉੱਥੇ ਹੀ, ਭਾਰਤੀ ਤੇਜ਼ ਗੇਂਦਬਾਜ਼ ਆਕਿਬ ਨਬੀ ਨੂੰ ਸਰੇ ਦੀ ਆਖਰੀ-11 ’ਚ ਜਗ੍ਹਾ ਨਹੀਂ ਮਿਲੀ। ਦੂਜੇ ਪਾਸੇ ਖੱਬੇ ਹੱਥ ਦੇ ਭਾਰਤੀ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ ਸਸੈਕਸ ਦੀ ਟੀਮ ’ਚ ਸ਼ਾਮਲ ਹੈ ਤੇ ਤੀਜੇ ਦਿਨ ਗੇਂਦਬਾਜ਼ੀ ਕਰਦਾ ਨਜ਼ਰ ਆਵੇਗਾ।


author

Harpreet SIngh

Content Editor

Related News