ਫੀਲਡਿੰਗ ਚਿੰਤਾ ਦਾ ਵਿਸ਼ਾ ਨਹੀਂ, ਭਾਰਤ ਏਸ਼ੀਆ ਕੱਪ ਫਾਈਨਲ ਲਈ ਤਿਆਰ ਹੈ : ਦੀਪਤੀ ਸ਼ਰਮਾ
Saturday, Sep 12, 2026 - 10:19 AM (IST)
ਦੁਬਈ : ਭਾਰਤ ਦੀ ਤਜ਼ਰੇਬਕਾਰ ਆਲਰਾਊਂਡਰ ਦੀਪਤੀ ਸ਼ਰਮਾ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ’ਚ ਹੁਣ ਤੱਕ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਖਰਾਬ ਫੀਲਡਿੰਗ ਨੂੰ ਲੈ ਕੇ ਜਤਾਈਆਂ ਜਾ ਰਹੀਆਂ ਚਿੰਤਾਵਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਕੈਚ ਛੁੱਟਣਾ ਖੇਡ ਦਾ ਹਿੱਸਾ ਹੈ ਅਤੇ ਟੀਮ ਫਾਈਨਲ ’ਚ ਹਰ ਵਿਭਾਗ ’ਚ ਚੰਗਾ ਪ੍ਰਦਰਸ਼ਨ ਕਰਨ ਲਈ ਵਚਨਬੱਧ ਹੈ। ਭਾਰਤ ਨੇ ਇਸ ਟੂਰਨਾਮੈਂਟ ’ਚ ਅਜੇ ਤੱਕ ਆਪਣੇ ਸਾਰੇ ਮੈਚ ਜਿੱਤੇ ਹਨ ਪਰ ਉਸ ਦੀ ਫੀਲਡਿੰਗ ਚੰਗੀ ਨਹੀਂ ਰਹੀ ਹੈ। ਖਾਸ ਤੌਰ ’ਤੇ ਉਸ ਨੇ ਕਈ ਕੈਚ ਛੱਡੇ। ਸੈਮੀਫਾਈਨਲ ’ਚ ਵੀ ਬੰਗਲਾਦੇਸ਼ ਵਿਰੁੱਧ ਭਾਰਤੀ ਟੀਮ ਨੇ 4 ਮੌਕੇ ਗਵਾਏ ਸਨ।
ਦੀਪਤੀ ਨੇ ਭਾਰਤ ਦੀ ਸੈਮੀਫਾਈਨਲ ’ਚ ਬੰਗਲਾਦੇਸ਼ ਵਿਰੁੱਧ 40 ਦੌੜਾਂ ਦੀ ਜਿੱਤ ਤੋਂ ਬਾਅਦ ਕਿਹਾ, ‘‘ਫੀਲਡਿੰਗ ’ਚ ਇਕ ਟੀਮ ਦੇ ਤੌਰ ’ਤੇ ਅਸੀਂ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਅਸੀਂ ਅਭਿਆਸ ਦੌਰਾਨ ਵੀ ਫੀਲਡਿੰਗ ’ਤੇ ਕਾਫੀ ਧਿਆਨ ਦੇ ਰਹੇ ਹਾਂ।’’ ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਕਦੇ-ਕਦੇ ਅਜਿਹਾ ਹੁੰਦਾ ਹੈ ਪਰ ਅਸੀਂ ਫਾਈਨਲ ’ਚ ਤਿੰਨੋਂ ਵਿਭਾਗਾਂ ’ਚ ਚੰਗਾ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ।’’
