ਵੈਸਟਇੰਡੀਜ਼ ਵਿਰੁੱਧ ਵਨ-ਡੇ ਲੜੀ ਲਈ ਭਾਰਤ ਦੇ ਇਹ 2 ਧਾਕੜ ਖਿਡਾਰੀਆਂ ਨੂੰ ਮਿਲ ਸਕਦੀ ਜਗ੍ਹਾ

Wednesday, Sep 16, 2026 - 10:18 AM (IST)

ਵੈਸਟਇੰਡੀਜ਼ ਵਿਰੁੱਧ ਵਨ-ਡੇ ਲੜੀ ਲਈ ਭਾਰਤ ਦੇ ਇਹ 2 ਧਾਕੜ ਖਿਡਾਰੀਆਂ ਨੂੰ ਮਿਲ ਸਕਦੀ ਜਗ੍ਹਾ

ਨਵੀਂ ਦਿੱਲੀ : ਭਾਰਤੀ ਰਾਸ਼ਟਰੀ ਚੋਣ ਕਮੇਟੀ ਬੁੱਧਵਾਰ ਨੂੰ ਇੱਥੇ ਜਦੋਂ ਵੈਸਟਇੰਡੀਜ਼ ਵਿਰੁੱਧ ਹੋਣ ਵਾਲੀ ਵਨ ਡੇ ਤੇ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਲਈ ਟੀਮ ਦੀ ਚੋਣ ਕਰੇਗੀ ਤਾਂ ਰਿਸ਼ਭ ਪੰਤ ਤੇ ਫਿੱਟ ਹੋ ਕੇ ਪਰਤੇ ਹਾਰਦਿਕ ਪੰਡਯਾ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ’ਤੇ ਮੁੱਖ ਰੂਪ ’ਚ ਚਰਚਾ ਹੋਵੇਗੀ। ਭਾਰਤ ਵੈਸਟਇੰਡੀਜ਼ ਵਿਰੁੱਧ 3 ਵਨ ਡੇ ਤੇ 5 ਟੀ-20 ਮੈਚ ਖੇਡੇਗਾ। ਟੀ-20 ਮੈਚਾਂ ਦੀ ਸ਼ੁਰੂਆਤ 6 ਅਕਤੂਬਰ ਤੋਂ ਹੋਵੇਗੀ ਤੇ ਪੂਰੀ ਸੰਭਾਵਨਾ ਹੈ ਕਿ ਇਸ ਲਈ ਉਹੀ ਟੀਮ ਚੁਣੀ ਜਾਵੇਗੀ ਜਿਹੜੀ ਏਸ਼ੀਆਈ ਖੇਡਾਂ ’ਚ ਹਿੱਸਾ ਲਵੇਗੀ ਪਰ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ 50 ਓਵਰਾਂ ਦੇ ਫਾਰਮੈੱਟ ਲਈ ਟੀਮ ਦੀ ਚੋਣ ਕਰਦੇ ਸਮੇਂ ‘ਸਿਰਖਪਾਈ’ ਕਰਨੀ ਪੈ ਸਕਦੀ ਹੈ। ਅਗਰਕਰ ਮੀਟਿੰਗ ਲਈ ਦਿੱਲੀ ’ਚ ਹੋਵੇਗਾ ਤੇ ਸੰਭਾਵਨਾ ਹੈ ਕਿ ਉਹ ਬੋਰਡ ਦੇ ਅਧਿਕਾਰੀਆਂ ਨਾਲ ਇਸ ’ਤੇ ਵੀ ਚਰਚਾ ਕਰੇਗਾ ਕਿ ਕੀ ਉਸ ਦਾ ਕਰਾਰ 2027 ’ਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਤੱਕ ਵਧਾਇਆ ਜਾਵੇਗਾ।

ਪੰਡਯਾ ਦੀ ਮੁਕਾਬਲੇਬਾਜ਼ੀ ਕ੍ਰਿਕਟ ’ਚ ਵਾਪਸੀ 20 ਸਤੰਬਰ ਨੂੰ ਨਿਰਧਾਰਿਤ ਹੈ ਕਿਉਂਕਿ ਉਸ ਨੂੰ ਪਹਿਲਾਂ ਹੀ 6 ਅਕਤੂਬਰ ਤੋਂ ਪੁਡੂਚੇਰੀ ’ਚ ਆਸਟ੍ਰੇਲੀਆ-ਏ ਵਿਰੁੱਧ ਭਾਰਤ-ਏ ਦੀ 3 ਮੈਚਾਂ ਦੀ ਵਨ ਡੇ ਲੜੀ ਲਈ ਚੁਣਿਆ ਜਾ ਚੁੱਕਾ ਹੈ। ਵੈਸਟਇੰਡੀਜ਼ ਵਿਰੁੱਧ ਵਨ ਡੇ ਮੈਚਾਂ ਦੀ ਸ਼ੁਰੂਆਤ 27 ਸਤੰਬਰ ਤੋਂ ਤਿਰੂਵਨੰਤਪੁਰਮ ’ਚ ਹੋਵੇਗੀ ਤੇ ਇਹ ਚੋਣ ਕਮੇਟੀ ਨੂੰ ਤੈਅ ਕਰਨਾ ਹੋਵੇਗਾ ਕਿ ਕੀ ਪੰਡਯਾ ਵਨ ਡੇ ’ਚ 10 ਓਵਰ ਗੇਂਦਬਾਜ਼ੀ ਕਰਨ ਤੇ 50 ਓਵਰਾਂ ਤੱਕ ਫੀਲਡਿੰਗ ਕਰਨ ਲਈ ਤਿਆਰ ਹੈ ਜਾਂ ਨਹੀਂ। ਜੇਕਰ ਪੰਡਯਾ ਉਪਲਬਧ ਨਹੀਂ ਹੁੰਦਾ ਤਾਂ ਚੋਣ ਕਮੇਟੀ ਲਈ ਤੇਜ਼ ਗੇਂਦਬਾਜ਼ੀ ਆਲਰਾਊਂਡਰਾਂ ਦੀ ਕਮੀ ਸਮੱਸਿਆ ਬਣ ਜਾਵੇਗੀ। ਦੂਜਾ ਬਦਲ ਨਿਤੀਸ਼ ਕੁਮਾਰ ਰੈੱਡੀ ਵਨ ਡੇ ਸੀਰੀਜ਼ ਦੌਰਾਨ ਏਸ਼ੀਆਈ ਖੇਡਾਂ ’ਚ ਹਿੱਸਾ ਲੈਣ ਲਈ ਜਾਪਾਨ ’ਚ ਹੋਵੇਗਾ। ਤੀਜੇ ਤੇ ਚੌਥੇ ਬਦਲ ਸੂਰਯਾਂਸ਼ ਸ਼ੇਡਗੇ ਤੇ ਵੈਂਕਟੇਸ਼ ਅਈਅਰ ਫਿਲਹਾਲ ਜ਼ਖ਼ਮੀ ਹਨ।

ਆਈ. ਪੀ. ਐੱਲ. ’ਚ ਪੰਤ ਦੇ ਖਰਾਬ ਪ੍ਰਦਰਸ਼ਨ ਦੇ ਕਾਰਨ ਉਸ ਨੂੰ ਟੈਸਟ ਉਪ ਕਪਤਾਨੀ ਗੁਆਉਣੀ ਪਈ ਤੇ ਉਸ ਨੂੰ ਵਨ ਡੇ ਟੀਮ ’ਚ ਵੀ ਜਗ੍ਹਾ ਨਹੀਂ ਮਿਲੀ। ਪਰ ਈਸ਼ਾਨ ਕਿਸ਼ਨ ਦੇ ਜਾਪਾਨ ’ਚ ਹੋਣ ਕਾਰਨ ਖੱਬੇ ਹੱਥ ਦੇ ਇਸ ਚਮਤਕਾਰੀ ਬੱਲੇਬਾਜ਼ ਨੂੰ 15 ਮੈਂਬਰੀ ਟੀਮ ’ਚ ਮੌਕਾ ਮਿਲ ਸਕਦਾ ਹੈ। ਉਸ ਦੀ ਚੋਣ ਹੋਣ ’ਤੇ ਵੀ ਕੇ. ਐੱਲ. ਰਾਹੁਲ ਵਨ ਡੇ ਵਿਕਟਕੀਪਰ ਦੇ ਤੌਰ ’ਤੇ ਪਹਿਲੀ ਪਸੰਦ ਰਹੇਗਾ। ਸ਼੍ਰੇਅਸ ਅਈਅਰ ਦੀ ਗੈਰ-ਹਾਜ਼ਰੀ ’ਚ ਰਾਹੁਲ ਨੂੰ ਵਨ ਡੇ ਟੀਮ ਦਾ ਉਪ ਕਪਤਾਨ ਵੀ ਨਿਯੁਕਤ ਕੀਤਾ ਜਾ ਸਕਦਾ ਹੈ।

ਜੇਕਰ ਪੰਤ ਨੂੰ ਮੌਕਾ ਨਹੀਂ ਮਿਲਦਾ ਤਾਂ ਚੋਣਕਾਰ ਧਰੁਵ ਜੁਰੇਲ ਨੂੰ ਚੁਣ ਸਕਦੇ ਹਨ। ਅਜਿਹੇ ’ਚ ਪੰਤ ਨੂੰ ਈਰਾਨੀ ਕੱਪ ’ਚ ਰੈਸਟ ਆਫ ਇੰਡੀਆ ਦੀ ਕਪਤਾਨੀ ਕਰਨ ਨੂੰ ਕਿਹਾ ਜਾ ਸਕਦਾ ਹੈ। ਅਈਅਰ ਦੇ ਏਸ਼ੀਆਈ ਖੇਡਾਂ ’ਚ ਸ਼ਾਮਲ ਹੋਣ ਕਾਰਨ ਕਪਤਾਨ ਸ਼ੁਭਮਨ ਗਿੱਲ, ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਤੋਂ ਬਾਅਦ ਰਿਤੂਰਾਜ ਗਾਇਕਵਾੜ ਨੂੰ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨ ਦਾ ਮੌਕਾ ਮਿਲ ਸਕਦਾ ਹੈ। ਯਸ਼ਸਵੀ ਜਾਇਸਵਾਲ ਰਿਜ਼ਰਵ ਓਪਨਰ ਹੋਵੇਗਾ ਜਦਕਿ ਮੱਧਕ੍ਰਮ ਦਾ ਰਿਜ਼ਰਵ ਬੱਲੇਬਾਜ਼ ਰਜਤ ਪਾਟੀਦਾਰ ਹੋਵੇਗਾ।

ਵੈਸਟਇੰਡੀਜ਼ ਵਿਰੁੱਧ ਵਨ ਡੇ ਸੀਰੀਜ਼ ਤੋਂ ਬਾਅਦ ਗਾਇਕਵਾੜ ਤੇ ਪਾਟੀਦਾਰ ਦੋਵਾਂ ਦੇ ਹੀ ਭਾਰਤ-ਏ ਵੱਲੋਂ ਖੇਡਣ ਦੀ ਸੰਭਾਵਨਾ ਹੈ। ਗਾਇਕਵਾੜ ਨੂੰ ਇਸ ਲਈ ਕਪਤਾਨ ਬਣਾਇਆ ਜਾ ਸਕਦਾ ਹੈ। ਇੰਗਲੈਂਡ ’ਚ ਵਨ ਡੇ ਸੀਰੀਜ਼ ਲਈ ਨਾ ਚੁਣੇ ਗਏ ਰਵਿੰਦਰ ਜਡੇਜਾ ਨੂੰ ਵਾਪਸ ਟੀਮ ’ਚ ਬੁਲਾਇਆ ਜਾ ਸਕਦਾ ਹੈ ਕਿਉਂਕਿ ਹਰਸ਼ ਦੂਬੇ ਹਾਲ ਹੀ ’ਚ ਦਲੀਪ ਟਰਾਫੀ ਸੈਮੀਫਾਈਨਲ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ। ਦੂਬੇ ਤੇ ਅਕਸ਼ਰ ਪਟੇਲ ਨੂੰ ਵਨ ਡੇ ਲਈ ਖੱਬੇ ਹੱਥ ਦੇ ਸਪਿੰਨਰਾਂ ਦੇ ਤੌਰ ’ਤੇ ਦੇਖਿਆ ਜਾ ਰਿਹਾ ਸੀ ਪਰ ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਚੋਣਕਾਰ ਜਡੇਜਾ ਨੂੰ ਟੀਮ ’ਚ ਸ਼ਾਮਲ ਕਰ ਸਕਦੇ ਹਨ। ਮਾਨਵ ਸੁਥਾਰ ਦੇ ਨਾਂ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਅਕਸ਼ਰ ਏਸ਼ੀਆਈ ਖੇਡਾਂ ’ਚ ਖੇਡੇਗਾ। ਜੇਕਰ ਜ਼ਖ਼ਮੀ ਵਰੁਣ ਚੱਕਰਵਰਤੀ ਏਸ਼ੀਆਈ ਖੇਡਾਂ ’ਚ ਨਹੀਂ ਖੇਡ ਪਾਉਂਦਾ ਤੇ ਕੁਲਦੀਪ ਯਾਦਵ ਨੂੰ ਟੀਮ ’ਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਚੋਣਕਾਰਾਂ ਸਾਹਮਣੇ ਇਕ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ। ਫਿਰ ਉਨ੍ਹਾਂ ਨੂੰ ਲੈੱਗ ਸਪਿੰਨਰ ਦੀ ਲੋੜ ਪੈਣ ’ਤੇ ਵਿਪਰਾਜ ਨਿਗਮ ਜਾਂ ਜੀਸ਼ਾਨ ਅੰਸਾਰੀ ਵਰਗੇ ਗੇਂਦਬਾਜ਼ਾਂ ਦਾ ਸਹਾਰਾ ਲੈਣਾ ਪਵੇਗਾ।

ਮੁਹੰਮਦ ਸਿਰਾਜ ਇੰਗਲੈਂਡ ਦੌਰੇ ਲਈ ਵਨ ਡੇ ਟੀਮ ਦਾ ਹਿੱਸਾ ਨਹੀਂ ਸੀ ਪਰ ਉਸ ਦੀ ਵਾਪਸੀ ਹੋਣ ਦੀ ਸੰਭਾਵਨਾ ਹੈ। ਤੇਜ਼ ਗੇਂਦਬਾਜ਼ੀ ਵਿਭਾਗ ’ਚ ਗੁਰਨੂਰ ਬਰਾੜ, ਪ੍ਰਸਿੱਧ ਕ੍ਰਿਸ਼ਣਾ ਤੇ ਪ੍ਰਿੰਸ ਯਾਦਵ ਪਿਛਲੀ ਸੀਰੀਜ਼ ਦਾ ਹਿੱਸਾ ਸਨ। ਜਸਪ੍ਰੀਤ ਬੁਮਰਾਹ ਏਸ਼ੀਆਈ ਖੇਡਾਂ ’ਚ ਰੁੱਝਿਆ ਹੋਣ ਕਾਰਨ ਉਪਲਬਧ ਨਹੀਂ ਹੋਵੇਗਾ। ਫਿਲਹਾਲ ਮੁਹੰਮਦ ਸ਼ੰਮੀ ਤੇ ਯੁਜ਼ਵੇਂਦਰ ਚਾਹਲ ਵਰਗੇ ਤਜ਼ਰੇਬਕਾਰ ਖਿਡਾਰੀਆਂ ਨੂੰ ਟੀਮ ’ਚ ਮੌਕਾ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ।


author

SATPAL

Content Editor

Related News