ਫਿੱਟ ਸੁਦਰਸ਼ਨ ਕਰੇਗਾ ਪਾਰੀ ਦਾ ਆਗਾਜ਼, ਇਸ ਖਿਡਾਰੀ ’ਤੇ ਰਹਿਣਗੀਆਂ ਨਜ਼ਰਾਂ

Tuesday, Sep 22, 2026 - 11:14 AM (IST)

ਫਿੱਟ ਸੁਦਰਸ਼ਨ ਕਰੇਗਾ ਪਾਰੀ ਦਾ ਆਗਾਜ਼, ਇਸ ਖਿਡਾਰੀ ’ਤੇ ਰਹਿਣਗੀਆਂ ਨਜ਼ਰਾਂ

ਪੁਡੂਚੇਰੀ : ਸੱਟ ਤੋਂ ਉੱਭਰ ਕੇ ਸਾਈ ਸੁਦਰਸ਼ਨ ਮੰਗਲਵਾਰ ਤੋਂ ਆਸਟ੍ਰੇਲੀਆ-ਏ ਵਿਰੁੱਧ ਸ਼ੁਰੂ ਹੋਣ ਵਾਲੇ ਚਾਰ ਦਿਨਾ ਪਹਿਲੀ ਸ਼੍ਰੇਣੀ ਮੁਕਾਬਲੇ ’ਚ ਭਾਰਤ-ਏ ਲਈ ਇਕ ਵਾਰ ਫਿਰ ਪਾਰੀ ਦਾ ਆਗਾਜ਼ ਕਰੇਗਾ ਤਾਂ ਉਸ ਦੀਆਂ ਨਜ਼ਰਾਂ ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੈਸਟ ਟੀਮ ’ਚ ਬਦਲਵੇਂ ਸਲਾਮੀ ਬੱਲੇਬਾਜ਼ ਦੀ ਜਗ੍ਹਾ ਪੱਕੀ ਕਰਨ ’ਤੇ ਹੋਣਗੀਆਂ। ਆਸਟ੍ਰੇਲੀਆ-ਏ ਦੀ ਟੀਮ ’ਚ ਵੀ ਕਈ ਅਜਿਹੇ ਖਿਡਾਰੀ ਸ਼ਾਮਲ ਹਨ, ਜਿਹੜੇ ਟੈਸਟ ਟੀਮ ’ਚ ਜਗ੍ਹਾ ਬਣਾਉਣ ਦੀ ਦੌੜ ’ਚ ਹਨ। ਇਨ੍ਹਾਂ ’ਚ ਸਲਾਮੀ ਬੱਲੇਬਾਜ਼ ਸੈਮ ਕੋਂਸਟਾਸ ਅਤੇ ਨਾਥਨ ਮੈਕਸਵੀਨੀ, ਆਫ ਸਪਿੰਨਰ ਟੌਡ ਮਰਫੀ ਤੇ ਤੇਜ਼ ਗੇਂਦਬਾਜ਼ ਝਾਏ ਰਿਚਰਡਸਨ ਪ੍ਰਮੁੱਖ ਹਨ।

ਭਾਰਤ ਲਈ 7 ਟੈਸਟ ਮੈਚਾਂ ’ਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੇ ਸੁਦਰਸ਼ਨ ਨੇ ਇਸ ਤੋਂ ਪਹਿਲਾਂ ਭਾਰਤ-ਏ ਦੇ ਸ਼੍ਰੀਲੰਕਾ ਦੌਰੇ ’ਚ ਪਾਰੀ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਸ਼੍ਰੀਲੰਕਾ-ਏ ਵਿਰੁੱਧ 2 ਪਹਿਲੀ ਸ਼੍ਰੇਣੀ ਮੈਚਾਂ ’ਚ 132 ਤੇ 168 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ ਸਨ। ਇਸ ਤੋਂ ਬਾਅਦ ਪੈਰ ’ਚ ਫ੍ਰੈਕਚਰ ਕਾਰਨ ਉਸ ਨੂੰ ਭਾਰਤ ਦੇ ਸ਼੍ਰੀਲੰਕਾ ਦੌਰੇ ਦੀ ਟੈਸਟ ਲੜੀ ਤੋਂ ਬਾਹਰ ਹੋਣਾ ਪਿਆ। ਇਸ ਤੋਂ ਬਾਅਦ ਬੈਂਗਲੁਰੂ ਸਥਿਤ ‘ਸੈਂਟਰ ਆਫ ਐਕਸੀਲੈਂਸ’ ’ਚ ਉਸ ਨੂੰ ਤਕਰੀਬਨ 6 ਹਫਤਿਆਂ ਤੱਕ ‘ਰਿਹੈਬਲੀਟੇਸ਼ਨ (ਸੱਟ ਤੋਂ ਉੱਭਰਨ ਦੀ ਪ੍ਰਕਿਰਿਆ)’ ਵਿਚੋਂ ਲੰਘਣਾ ਪਿਆ।

ਭਾਰਤ-ਏ ਦੀ ਕਪਤਾਨੀ ਕਰ ਰਹੇ ਦੇਵਦੱਤ ਪਡਿੱਕਲ ਨੇ ਸ਼੍ਰੀਲੰਕਾ ਦੇ ਪਿਛਲੇ ਦੌਰੇ ’ਚ ਦੋ ਸੈਂਕੜੇ ਲਾ ਕੇ ਟੈਸਟ ਟੀਮ ’ਚ ਤੀਜੇ ਨੰਬਰ ਦੇ ਬੱਲੇਬਾਜ਼ ਦੇ ਰੂਪ ’ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਅਜਿਹੇ ’ਚ ਪਿਛਲੀ 'ਏ' ਲੜੀ ਤੋਂ ਪਾਰੀ ਦੀ ਸ਼ੁਰੂਆਤ ਕਰਨ ਵਾਲਾ ਸੁਦਰਸ਼ਨ ਚਾਹੇਗਾ ਕਿ ਆਸਟ੍ਰੇਲੀਆ-ਏ ਵਿਰੁੱਧ ਵੀ ਉਹ ਉੱਥੋਂ ਹੀ ਸ਼ੁਰੂਆਤ ਕਰੇ, ਜਿੱਥੇ ਉਸ ਨੇ ਸ਼੍ਰੀਲੰਕ-ਏ ਵਿਰੁੱਧ ਆਪਣੀ ਸ਼ਾਨਦਾਰ ਮੁਹਿੰਮ ਛੱਡੀ ਸੀ। ਸਲਾਮੀ ਬੱਲੇਬਾਜ਼ੀ ’ਚ ਬਦਲ ਲਈ ਸੁਦਰਸ਼ਨ ਤੋਂ ਇਲਾਵਾ ਅਮਨ ਮੋਖਾੜੇ ਵੀ ਦਾਅਵੇਦਾਰ ਹੈ। ਸ਼੍ਰੀਲੰਕਾ ’ਚ ਉਸ ਨੂੰ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ’ਚ ਬਦਲਣ ’ਚ ਸਫਲਤਾ ਨਹੀਂ ਮਿਲੀ ਸੀ।

ਭਾਰਤੀ ਟੈਸਟ ਟੀਮ ’ਚ ਫਿਲਹਾਲ ਕੁਝ ਖਾਸ ਸਥਾਨਾਂ ਨੂੰ ਲੈ ਕੇ ਚੋਣਕਾਰਾਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ। ਇਨ੍ਹਾਂ ’ਚ ਤੀਜੇ ਸਲਾਮੀ ਬੱਲੇਬਾਜ਼ ਤੋਂ ਇਲਾਵਾ ਸਪਿੰਨ ਗੇਂਦਬਾਜ਼ੀ ’ਚ ਵੀ ਇਕ ਬਦਲ ਦੀ ਭਾਲ ਸ਼ਾਮਲ ਹੈ ਜੋ ਜਨਵਰੀ ਦੇ ਆਖਰੀ ਹਫਤੇ ਤੋਂ ਮਾਰਚ ਦੇ ਪਹਿਲੇ ਹਫਤੇ ਵਿਚਾਲੇ ਪ੍ਰਸਤਾਵਿਤ ਬਾਰਡਰ-ਗਾਵਸਕਰ ਟਰਾਫੀ ਲਈ ਕਾਫੀ ਅਹਿਮ ਹੈ। ਸ਼੍ਰੀਲੰਕਾ ’ਚ ਟੈਸਟ ਖੇਡ ਚੁੱਕਾ ਆਫ ਸਪਿੰਨਰ ਸਾਰਾਂਸ਼ ਜੈਨ ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ ਸੀ। ਅਜਿਹੇ ’ਚ ਅੰਤ੍ਰਿਮ ਮੁੱਖ ਚੋਣਕਾਰ ਪ੍ਰਗਿਆਨ ਓਝਾ ਤੇ ਕਮੇਟੀ ਦੇ ਹੋਰ ਮੈਂਬਰ ਤਜਰਬੇਕਾਰ ਮੁੰਬਈ ਦੇ ਗੇਂਦਬਾਜ਼ ਤਨੁਸ਼ ਕੋਟਿਅਾਨ ਦੇ ਪ੍ਰਦਰਸ਼ਨ ’ਚ ਖਾਸ ਨਜ਼ਰ ਰੱਖੇਗਾ।

ਇਸ ਮੁਕਾਬਲੇ ਤੋਂ ਚੋਣਕਾਰ ਉਨ੍ਹਾਂ ਖਿਡਾਰੀਆਂ ਦੀ ਪਛਾਣ ਕਰਨਾ ਚਾਹੁਣਗੇ, ਜਿਨ੍ਹਾਂ ਨੂੰ ਭਾਰਤ-ਏ ਦੇ ਨਿਊਜ਼ੀਲੈਂਡ ਦੌਰੇ ਲਈ ਚੁਣਿਆ ਜਾ ਸਕਦਾ ਹੈ। ਭਾਰਤ-ਏ ਨੇ ਨਿਊਜ਼ੀਲੈਂਡ ’ਚ 3 ਟੈਸਟ ਮੈਚਾਂ ਦੀ ਲੜੀ ਖੇਡਣੀ ਹੈ। ਪਿਛਲੇ 12 ਮਹੀਨਿਆਂ ’ਚ ਇਹ ਦੂਜੀ ਵਾਰ ਹੈ ਜਦੋਂ ਆਸਟ੍ਰੇਲੀਆ-ਏ ਦੀ ਟੀਮ ਭਾਰਤ ਦੌਰੇ ’ਤੇ ਆਈ ਹੈ। ਇਹ ਦੌਰਾ ਚਿਰਾਂ ਤੋਂ ਉਡੀਕੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ ਦੀ ਤਿਆਰੀ ਦੇ ਲਿਹਾਜ਼ ਨਾਲ ਅਹਿਮ ਮੰਨਿਆ ਜਾ ਰਿਹਾ ਹੈ। ਆਸਟ੍ਰੇਲੀਆ ਦੇ ਕੋਚ ਟਿਮ ਪੇਨ ਨੇ ਕਿਹਾ ਕਿ ਹੈਂਡਸਕੌਂਬ ਦੇਸ਼ ਦੇ ਸਰਵੋਤਮ ਸਪਿੰਨ ਖੇਡਣ ਵਾਲੇ ਬੱਲੇਬਾਜ਼ਾਂ ’ਚ ਸ਼ਾਮਲ ਹੈ ਅਤੇ ਭਾਰਤ ਦੇ ਹਾਲਾਤ ’ਚ ਖੇਡਣਾ ਉਸ ਲਈ ਕਾਫੀ ਉਪਯੋਗੀ ਸਾਬਤ ਹੋਵੇਗਾ।

ਸੇਪਕ ਟਾਕਰਾ ’ਚ ਜਾਪਾਨ ਹੱਥੋਂ ਹਾਰਿਆ ਭਾਰਤ
ਭਾਰਤੀ ਪੁਰਸ਼ ਸੇਪਕ ਟਾਕਰਾ ਟੀਮ ਨੂੰ ਇਕ ਮੈਚ ਦੀ ਬੜ੍ਹਤ ਦੇ ਬਾਵਜੂਦ ਜਾਪਾਨ ਹੱਥੋਂ ਰੇਗੂ ਪ੍ਰਤੀਯੋਗਿਤਾ ਦੇ ਗਰੁੱਪ-ਬੀ ਦੇ ਪਹਿਲੇ ਮੈਚ ’ਚ 1-2 ਨਾਲ ਹਾਰ ਝੱਲਣੀ ਪਈ। ਭਾਰਤ ਨੇ ਸ਼ੁਰੂਆਤ ਚੰਗੀ ਕੀਤੀ ਤੇ ਪਹਿਲਾ ਮੈਚ 15-13, 15-9 ਨਾਲ ਜਿੱਤਿਆ ਪਰ ਲੈਅ ਕਾਇਮ ਨਹੀਂ ਰੱਖ ਸਕਿਆ। ਦੂਜੇ ਮੈਚ ’ਚ ਭਾਰਤ ਨੂੰ 2-1 (12-15, 15-17, 11-15) ਨਾਲ ਹਾਰ ਮਿਲੀ ਜਦਕਿ ਤੀਜਾ ਮੈਚ 2-0 (9-15, 12-15) ਨਾਲ ਗੁਆ ਦਿੱਤਾ। ਭਾਰਤ ਦਾ ਸਾਹਮਣਾ ਹੁਣ ਮੰਗਲਵਾਰ ਨੂੰ ਦੂਜੇ ਗਰੁੱਪ ਮੈਚ ’ਚ ਮਲੇਸ਼ੀਆ ਨਾਲ ਹੋਵੇਗਾ।

ਹਾਂਗਝੋਊ ’ਚ ਪਿਛਲੀਆਂ ਏਸ਼ੀਆਈ ਖੇਡਾਂ ’ਚ ਭਾਰਤ ਨੇ ਮਹਿਲਾ ਟੀਮ ਰੇਗੂ ਪ੍ਰਤੀਯੋਗਿਤਾ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਸੇਪਕ ਟਾਕਰਾ 1990 ਤੋਂ ਏਸ਼ੀਆਈ ਖੇਡਾਂ ਦਾ ਹਿੱਸਾ ਹੈ। ਭਾਰਤ ਨੇ 2006 ’ਚ ਪਹਿਲੀ ਵਾਰ ਇਸ ’ਚ ਹਿੱਸਾ ਲਿਆ।


author

SATPAL

Content Editor

Related News