ਬੁਮਰਾਹ ਨੇ ਮੇਡਨ ਓਵਰ ਸੁੱਟ ਕੇ ਰਚਿਆ ਇਤਿਹਾਸ, ਤੋੜਿਆ ਜ਼ਿੰਬਾਬਵੇ ਦੇ ਦਿੱਗਜ ਗੇਂਦਬਾਜ਼ ਦਾ ਰਿਕਾਰਡ

Wednesday, Sep 16, 2026 - 11:01 AM (IST)

ਬੁਮਰਾਹ ਨੇ ਮੇਡਨ ਓਵਰ ਸੁੱਟ ਕੇ ਰਚਿਆ ਇਤਿਹਾਸ, ਤੋੜਿਆ ਜ਼ਿੰਬਾਬਵੇ ਦੇ ਦਿੱਗਜ ਗੇਂਦਬਾਜ਼ ਦਾ ਰਿਕਾਰਡ

ਨਵੀਂ ਦਿੱਲੀ : ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੀ ਜਾ ਰਹੀ 3 ਟੀ-20 ਮੈਚਾਂ ਦੀ ਲੜੀ ਦੇ ਦੂਜੇ ਮੁਕਾਬਲੇ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕੀਤਾ ਹੈ। 15 ਸਤੰਬਰ ਨੂੰ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕੀਤੀ। ਮੈਚ ਦਾ ਪਹਿਲਾ ਓਵਰ ਸੁੱਟਦਿਆਂ ਬੁਮਰਾਹ ਨੇ ਅਫ਼ਗਾਨਿਸਤਾਨ ਦੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਾਦਰਾਨ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਓਵਰ ਮੇਡਨ ਕੱਢਿਆ। ਇਸ ਦੇ ਨਾਲ ਹੀ ਉਹ T20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪੂਰਨ ਮੈਂਬਰ ਦੇਸ਼ਾਂ ਵਿੱਚ ਸਭ ਤੋਂ ਵੱਧ 13 ਵਾਰ ਮੇਡਨ ਓਵਰ ਸੁੱਟਣ ਵਾਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਜ਼ਿੰਬਾਬਵੇ ਦੇ ਰਿਚਰਡ ਨਗਾਰਵਾ ਦੇ ਨਾਮ ਸੀ, ਜਿਨ੍ਹਾਂ ਨੇ 12 ਵਾਰ ਇਹ ਕਾਰਨਾਮਾ ਕੀਤਾ ਸੀ।

ਇਸ ਤੋਂ ਇਲਾਵਾ, ਬੁਮਰਾਹ T20I ਵਿੱਚ ਭਾਰਤ ਲਈ ਮੈਚ ਦਾ ਪਹਿਲਾ ਓਵਰ ਮੇਡਨ ਸੁੱਟਣ ਵਾਲੇ 11ਵੇਂ ਗੇਂਦਬਾਜ਼ ਵੀ ਬਣ ਗਏ ਹਨ। ਭਾਰਤ ਲਈ ਪਹਿਲਾ ਓਵਰ ਮੇਡਨ ਸੁੱਟਣ ਦੇ ਮਾਮਲੇ ਵਿੱਚ ਭੁਵਨੇਸ਼ਵਰ ਕੁਮਾਰ (6 ਵਾਰ) ਸਭ ਤੋਂ ਅੱਗੇ ਹਨ, ਜਦਕਿ ਅਰਸ਼ਦੀਪ ਸਿੰਘ ਨੇ 2 ਵਾਰ ਇਹ ਕਾਰਨਾਮਾ ਕੀਤਾ ਹੈ।

ਮੈਚ ਦੀ ਗੱਲ ਕਰੀਏ ਤਾਂ ਅਫ਼ਗਾਨਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 159/8 ਦੌੜਾਂ ਹੀ ਬਣਾ ਸਕੀ। ਅਫ਼ਗਾਨਿਸਤਾਨ ਲਈ ਇਬਰਾਹਿਮ ਜ਼ਾਦਰਾਨ ਨੇ 33 ਗੇਂਦਾਂ ਵਿੱਚ ਸਭ ਤੋਂ ਵੱਧ 37 ਦੌੜਾਂ ਅਤੇ ਰਾਸ਼ਿਦ ਖ਼ਾਨ ਨੇ 16 ਗੇਂਦਾਂ ਵਿੱਚ 28 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਗੇਂਦਬਾਜ਼ੀ ਕਰਦਿਆਂ ਨਿਤੀਸ਼ ਕੁਮਾਰ ਰੈੱਡੀ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਅਰਸ਼ਦੀਪ ਸਿੰਘ ਅਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਝਟਕਾਈਆਂ।


author

Tarsem Singh

Content Editor

Related News