ਕ੍ਰਿਸ ਗੇਲ ਨੇ ਕੀਤਾ ਸਨਿਆਸ ਦਾ ਐਲਾਨ, ਇੱਥੇ ਖੇਡਣਗੇ ਆਖਰੀ ਮੈਚ

02/18/2019 10:33:27 AM

ਜਮੈਕਾ : ਵਿੰਡੀਜ਼ ਦੇ ਸਭ ਤੋਂ ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਦੁਨੀਆ ਦੇ ਖਤਰਨਾਕ ਬੱਲੇਬਾਜ਼ਾਂ ਵਿਚੋਂ ਇਕ ਹਨ। ਵਿੰਡੀਜ਼ ਦੇ ਇਸ ਧਾਕੜ ਬੱਲੇਬਾਜ਼ ਨੇ ਸਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਇਸ ਦੀ ਜਾਣਕਾਰੀ ਵਿੰਡੀਜ਼ ਕ੍ਰਿਕਟ ਨੇ ਟਵੀਟ ਕਰ ਕੇ ਦਿੱਤੀ। ਵਿਸ਼ਵ ਕੱਪ ਮਈ ਤੋਂ ਜੁਲਾਈ ਤੱਕ ਇੰਗਲੈਂਡ ਅਤੇ ਵੇਲਸ ਵਿਚ ਖੇਡਿਆ ਜਾਵੇਗਾ। ਗੇਲ ਵਿੰਡੀਜ਼ ਵੱਲੋਂ ਸਭ ਤੋਂ ਵੱਧ ਸੈਂਕੜੇ ਲਾਉਣ ਵਾਲੇ ਬੱਲੇਬਾਜ਼ ਹਨ। ਉਹ ਵਿੰਡੀਜ਼ ਲਈ ਬ੍ਰਾਇਨ ਲਾਰਾ ਤੋਂ ਬਾਅਦ ਵਨ ਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਰਿਪੋਰਟ ਮੁਤਾਬਕ 30 ਮਈ ਤੋਂ ਇੰਗਲੈਂਡ ਦੀ ਮੇਜ਼ਬਾਨੀ 'ਚ ਖੇਡਿਆ ਜਾਣ ਵਾਲਾ ਆਈ. ਸੀ. ਸੀ. ਵਿਸ਼ਵ ਕੱਪ ਗੇਲ ਦੇ ਕਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ।

10 ਹਜ਼ਾਰ ਦੇ ਅੰਕੜੇ ਤੋਂ 273 ਦੌੜਾਂ ਦੂਰ
PunjabKesari

ਗੇਲ ਨੇ ਹੁਣ ਤੱਕ 284 ਵਨ ਡੇ ਮੈਚਾਂ ਵਿਚ 9727 ਦੌੜਾਂ ਬਣਾਈਆਂ ਹਨ, ਜਿਸ ਵਿਚ 23 ਸੈਂਕੜੇ ਅਤੇ 49 ਅਰਧ ਸੈਂਕੜੇ ਸ਼ਾਮਲ ਹਨ। ਬ੍ਰਾਇਨ ਲਾਰਾ ਦੇ ਨਾਂ ਵਨ ਡੇ ਵਿਚ 10,405 ਦੌੜਾਂ ਦਰਜ ਹਨ। 39 ਸਾਲਾ ਗੇਲ ਨੇ 2015 ਦੇ ਵਿਸ਼ਵ ਕੱਪ ਵਿਚ ਜ਼ਿੰਬਾਬਵੇ ਖਿਲਾਫ 215 ਦੌੜਾਂ ਦੀ ਪਾਰੀ ਖੇਡੀ ਸੀ। ਇਹ ਵਨ ਡੇ ਵਿਚ ਵਿੰਡੀਜ਼ ਦੇ ਕਿਸੇ ਵੀ ਬੱਲੇਬਾਜ਼ ਦਾ ਸਰਵਉੱਚ ਸਕੋਰ ਹੈ। ਗੇਲ ਨੂੰ ਇੰਗਲੈਂਡ ਖਿਲਾਫ ਹੋਣ ਵਾਲੇ ਪਹਿਲੇ 2 ਵਨ ਡੇ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

ਵਨ ਡੇ ਵਿਚ ਗੇਲ ਦੇ ਨਾਂ 165 ਵਿਕਟਾਂ
PunjabKesari
ਗੇਲ ਗੇਂਦਬਾਜ਼ੀ ਅਤੇ ਫੀਲਡਿੰਗ ਵਿਚ ਟੀਮ ਲਈ ਮਹੱਤਵਪੂਰਨ ਯੋਗਦਾਨ ਨਿਭਾਉਂਦੇ ਹਨ। ਗੇਲ ਨੇ ਹੁਣ ਤੱਕ 165 ਵਿਕਟਾਂ ਹਾਸਲ ਕੀਤੀਆਂ ਹਨ। ਉਹ 3 ਵਾਰ ਮੈਚ ਵਿਚ 4 ਅਤੇ 5 ਵਿਕਟਾਂ ਲੈ ਚੁੱਕੇ ਹਨ। 46 ਦੌੜਾਂ 'ਤੇ 5 ਵਿਕਟਾਂ ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਉੱਥੇ ਹੀ ਜ਼ਿਆਦਾਤਰ ਸਲਿਪ ਵਿਚ ਫੀਲਡਿੰਗ ਕਰਨ ਵਾਲੇ ਗੇਲ ਦੇ ਨਾਂ 120 ਕੈਚ ਵੀ ਹਨ। ਉਹ ਦੇਸ਼ ਲਈ ਸਭ ਤੋਂ ਵੱਧ ਕੈਚ ਲੈਣ ਵਾਲੇ ਕਾਰਲ ਹੂਪਰ ਅਤੇ ਬ੍ਰਾਇਨ ਲਾਰਾ ਦੇ ਨਾਲ ਸਾਂਝੇ ਰੂਪ ਨਾਲ ਪਹਿਲੇ ਸਥਾਨ 'ਤੇ ਹਨ।

ਆਈ. ਪੀ. ਐੱਲ. 'ਚ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਵਿਦੇਸ਼ੀ
PunjabKesari

ਗੇਲ ਆਈ. ਪੀ. ਐੱਲ. ਵਿਚ ਕਿੰਗਸ ਇਲੈਵਨ ਪੰਜਾਬ ਟੀਮ ਵੱਲੋਂ ਖੇਡਦੇ ਹਨ। ਗੇਲ ਨੇ ਇਸ ਟੂਰਨਾਮੈਂਟ ਦੇ 11 ਸੀਜ਼ਨ ਵਿਚੋਂ 10 ਖੇਡੇ ਹਨ। ਪਹਿਲੇ ਸੀਜ਼ਨ (2008) ਵਿਚ ਉਹ ਕਿਸੇ ਟੀਮ ਦਾ ਹਿੱਸਾ ਨਹੀਂ ਸੀ। 10 ਸੀਜ਼ਨ ਵਿਚ ਉਸ ਨੇ 112 ਮੈਚ ਖੇਡੇ ਅਤੇ 3994 ਦੌੜਾਂ ਬਣਾਈਆਂ। ਗੇਲ ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਵਿਦੇਸ਼ੀ ਹਨ। ਉਸ ਤੋਂ ਵੱਧ ਆਸਟਰੇਲੀਆ ਦੇ ਡੇਵਿਡ ਵਾਰਨਰ ਨੇ (4014 ਦੌੜਾਂ) ਬਣਾਈਆਂ।


Related News