ਟੈਨਿਸ ਸਟਾਰ ਪੇਂਗ ਸ਼ੁਆਈ ਨੇ ਸਾਬਕਾ ਮੰਤਰੀ ’ਤੇੇ ਲਗਾਏ ਜਿਨਸੀ ਸੋਸ਼ਣ ਦੇ ਦੋਸ਼ਾਂ ਨੂੰ ਨਕਾਰਿਆ

12/20/2021 1:31:55 PM

ਬੀਜਿੰਗ (ਭਾਸ਼ਾ) : ਚੀਨ ਦੀ ਟੈਨਿਸ ਸਟਾਰ ਪੇਂਗ ਸ਼ੁਆਈ ਨੇ ਸਿੰਗਾਪੁਰ ਦੀ ਇਕ ਅਖ਼ਬਾਰ ਨੂੰ ਕਿਹਾ ਕਿ ਉਸ ਨੇ ਕਦੇ ਜਿਨਸੀ ਸੋਸ਼ਣ ਦੀ ਗੱਲ ਨਹੀਂ ਕੀਤੀ, ਹਾਲਾਂਕਿ ਨਵੰਬਰ ਵਿਚ ਉਨ੍ਹਾਂ ਦੇ ਹਵਾਲੇ ਤੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਮਿਊਨਿਸਟ ਪਾਰਟੀ ਦੇ ਸਾਬਕਾ ਨੇਤਾ ’ਤੇ ਇਸ ਤਰ੍ਹਾਂ ਦਾ ਦੋਸ਼ ਲਗਾਇਆ ਗਿਆ ਸੀ। ਚੀਨੀ ਭਾਸ਼ਾ ਦੇ ਅਖ਼ਬਾਰ ਲਿਆਨਹੇ ਜਾਓਬਾਓ ਨੇ ਪੇਂਗ ਦੀ ਇਕ ਵੀਡੀਓ ਪਾਈ ਹੈ, ਜੋ ਐਤਵਾਰ ਨੂੰ ਸ਼ੰਘਾਈ ਵਿਚ ਲਈ ਗਈ ਹੈ। ਇਸ ਵਿਚ ਉਨ੍ਹਾਂ ਕਿਹਾ ਕਿ ਉਹ ਬੀਜਿੰਗ ਵਿਚ ਆਪਣੇ ਘਰ ਵਿਚ ਹੀ ਰਹਿ ਰਹੀ ਹੈ ਪਰ ਬਾਹਰ ਆਉਣ-ਜਾਣ ਲਈ ਆਜ਼ਾਦ ਹੈ।

ਪੇਂਗ ਨੇ ਕਿਹਾ, ‘ਮੈਂ ਕੁੱਝ ਜ਼ਰੂਰੀ ਗੱਲ ਕਰਨਾ ਚਾਹੁੰਦੀ ਹਾਂ। ਸਭ ਤੋਂ ਪਹਿਲਾਂ ਤਾਂ ਇਹ ਕਿ ਮੈਂ ਕਦੇ ਨਹੀਂ ਲਿਖਿਆ ਕਿ ਕਿਸੇ ਨੇ ਮੇਰਾ ਜਿਨਸੀ ਸੋਸ਼ਣ ਕੀਤਾ ਹੈ। ਮੈਂ ਇਹ ਗੱਲ ਸਾਫ਼ ਤੌਰ ’ਤੇ ਕਹਿਣਾ ਚਾਹੁੰਦੀ ਹਾਂ।’ ਪੱਤਰਕਾਰ ਨੇ ਉਨ੍ਹਾਂ ਨੂੰ ਇਹ ਨਹੀਂ ਪੁੱਛਿਆ ਕਿ ਦੋ ਨਵੰਬਰ ਦੀ ਪੋਸਟ ਵਿਚ ਉਨ੍ਹਾਂ ਨੇ ਅਜਿਹੇ ਦੋਸ਼ ਕਿਉਂ ਲਗਾਏ ਸਨ ਜਾਂ ਉਨ੍ਹਾਂ ਦਾ ਅਕਾਊਂਟ ਹੈਕ ਹੋ ਗਿਆ ਸੀ। ਅਖ਼ਬਾਰ ਨੇ ਕਿਹਾ ਕਿ 4 ਫਰਵਰੀ ਤੋਂ ਸ਼ੁਰੂ ਹੋ ਰਹੇ ਬੀਜਿੰਗ ਸਰਦ ਰੁੱਤ ਓਲੰਪਿਕ ਦੇ ਪ੍ਰਚਾਰ ਲਈ ਪੇਂਗ ਦਾ ਇੰਟਰਵਿਊ ਕੀਤਾ ਗਿਆ। ਉਹ ਉਸ ਸਮੇਂ ਐਨ.ਬੀ.ਏ. ਦੇ ਸਾਬਕਾ ਸਟਾਰ ਯਾਓ ਮਿੰਗ ਅਤੇ ਹੋਰ ਚੀਨੀ ਖਿਡਾਰੀਆਂ ਨਾਲ ਸਕੀਇੰਗ ਮੁਕਾਬਲਾ ਦੇਖ ਰਹੀ ਸੀ। 

ਦੱਸ ਦੇਈਏ ਕਿ ਪੇਂਗ ਨੇ ਨਵੰਬਰ ਮਹੀਨੇ ਦੀ ਸ਼ੁਰੂਆਤ ਵਿਚਇਕ ਪੋਸਟ ਸਾਂਝੀ ਕਰਕੇ ਸਾਬਕਾ ਉਪ ਪ੍ਰਧਾਨ ਮੰਤਰੀ ਝਾਂਗ ਗਾਉਲੀ ’ਤੇ ਜ਼ਬਰੀ ਜਿਨਸੀ ਸਬੰਧ ਬਣਾਉਣ ਦਾ ਦੋਸ਼ ਲਗਾਇਆ ਸੀ, ਹਾਲਾਂਕਿ ਉਸ ਨੇ ਅੱਧੇ ਘੰਟੇ ਦੇ ਅੰਦਰ ਹੀ ਆਪਣੀ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ ਪਰ ਉਦੋਂ ਤੱਕ ਲੋਕਾਂ ਨੇ ਇਸ ਨੂੰ ਵਾਇਰਲ ਕਰ ਦਿੱਤਾ ਸੀ। ਉਥੇ ਹੀ ਸਾਬਕਾ ਉਪ ਪ੍ਰਧਾਨ ਮੰਤਰੀ ਝਾਂਗ ਗਾਉਲੀ ’ਤੇ ਦੋਸ਼ ਲਗਾਉਣ ਦੇ ਬਾਅਦ ਤੋਂ ਪੇਂਗ ਗਾਇਬ ਹੈ। ਦੁਨੀਆ ਭਰ ਵਿਚ ਉਨ੍ਹਾਂ ਦੀ ਤੰਦਰੁਸਤੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।
 


cherry

Content Editor

Related News