ਚੈਂਪੀਅਨਸ ਟਰਾਫੀ ਦੇ ਫਾਈਨਲ ''ਚ ਪੰਡਯਾ ਨੇ ਤੋੜਿਆ 18 ਸਾਲ ਪੁਰਾਣਾ ਰਿਕਾਰਡ

06/21/2017 8:02:27 PM

ਲੰਡਨ— ਪਾਕਿਸਤਾਨ ਨੇ ਭਾਰਤ ਨੂੰ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਹਰਾ ਕੇ ਪਹਿਲੀ ਵਾਰ ਚੈਂਪੀਅਨਸ ਟਰਾਫੀ ਖਿਤਾਬ ਜਿੱਤਿਆ ਹੈ ਪਰ ਇਸ ਖਿਤਾਬੀ ਮੁਕਾਬਲੇ 'ਚ ਭਾਰਤ ਦੇ ਇਕ ਖਿਡਾਰੀ ਨੇ ਵੀ 18 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ। ਭਾਰਤ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਇਸ ਮੁਕਾਬਲੇ 'ਚ ਆਸਟਰੇਲੀਆ ਦੇਸਾਬਕਾ ਵਿਕਟਕੀਪਰ ਐਡਮ ਗਿਲਕ੍ਰਿਸਟ ਵਲੋਂ ਆਈ. ਸੀ. ਸੀ. ਟੂਰਨਾਮੈਂਟ ਦੇ ਫਾਈਨਲ 'ਚ ਬਣਾਏ ਗਏ ਸਭ ਤੋਂ ਤੇਜ਼ ਅਰਧਸੈਂਕੜੇ ਦਾ ਰਿਕਾਰਡ ਤੋੜਿਆ। ਆਸਟਰੇਲੀਆ ਦੇ ਐਡਮ ਗਿਲਕ੍ਰਿਸਟ ਨੇ 1999 ਦੇ ਵਨਡੇ ਵਿਸ਼ਵਕਪ ਦੇ ਫਾਈਨਲ 'ਚ 33 ਗੇਂਦਾਂ 'ਚ 8 ਚੌਕੇ ਅਤੇ ਇਕ ਛੱਕੇ ਦੀ ਸਹਾਇਤਾ ਨਾਲ 50 ਦੌੜਾਂ ਬਣਾਈਆਂ ਸਨ।
ਉਥੇ ਹਾਰਦਿਕ ਪੰਡਯਾ ਨੇ ਪਾਕਿਸਤਾਨ ਖਿਲਾਫ ਖਿਤਾਬ ਮੁਕਾਬਲੇ 'ਚ ਆਪਣੀ ਟੀਮ ਨੂੰ ਜਿੱਤ ਤਾਂ ਨਹੀਂ ਦਿਵਾ ਸਕੇ ਪਰ ਉਨ੍ਹਾਂ ਨੇ 32 ਗੇਂਦਾਂ 'ਚ 50 ਦੌੜਾਂ ਬਣਾ ਕੇ ਗਿਲਕ੍ਰਿਸਟ ਦਾ ਰਿਕਾਰਡ ਤੋੜ ਦਿੱਤਾ। 7ਵੇਂ ਨੰਬਰ ਦੇ ਬੱਲੇਬਾਜ਼ ਹਾਰਦਿਕ ਪੰਡਯਾ ਨੇ 43 ਗੇਂਦਾਂ 'ਚ 4 ਚੌਕਿਆਂ ਅਤੇ 6 ਛੱਕਿਆਂ ਦੀ ਸਹਾਇਤਾ ਨਾਲ 76 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਪਰ ਉਨ੍ਹਾਂ ਦੇ ਰਨ ਆਊਟ ਹੁੰਦੇ ਹੀ ਭਾਰਤ ਦੀਆਂ ਤਮਾਮ ਉਮੀਦਾਂ ਨੇ ਦਮ ਤੋੜ ਦਿੱਤਾ।
ਪੰਡਯਾ ਦੇ ਰਨ ਆਊਟ ਹੋਣ 'ਚ ਉਨ੍ਹਾਂ ਤੋਂ ਜ਼ਿਆਦਾ ਜਡੇਜਾ ਦਾ ਦੋਸ਼ ਰਿਹਾ ਜੋ ਕ੍ਰੀਜ਼ 'ਤੇ ਅੱਗੇ ਨਿਕਲ ਕੇ ਫਿਰ ਵਾਪਸ ਕ੍ਰੀਜ਼ 'ਤੇ ਵਾਪਸ ਚੱਲੇ ਗਏ। ਪੰਡਯਾ ਰਨਆਊਟ ਹੋਣ ਤੋਂ ਬਾਅਦ ਬਹੁਤ ਗੁੱਸੇ 'ਚ ਆ ਗਏ ਅਤੇ ਵਾਪਸ ਜਾਂਦੇ ਹੋਏ ਜਡੇਜਾ ਨੂੰ ਕਈ ਵਾਰ ਘੂਰ ਕੇ ਦੇਖਿਆ।


Related News