ਬ੍ਰਾਇਨ ਲਾਰਾ ਨੂੰ ਹਸਪਤਾਲੋਂ ਮਿਲੀ ਛੁੱਟੀ
Thursday, Jun 27, 2019 - 01:15 AM (IST)

ਮੁੰਬਈ— ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੂੰ ਬੁੱਧਵਾਰ ਨੂੰ ਇਥੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਡਾਕਟਰਾਂ ਵਲੋਂ ਉਸ ਨੂੰ 'ਫਿੱਟ' ਐਲਾਨਿਆ ਗਿਆ ਹੈ। ਲਾਰਾ ਨੂੰ ਮੰਗਲਵਾਰ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤ 'ਤੇ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿਚ ਸ਼ਾਮਲ ਤ੍ਰਿਨਿਦਾਦ ਦੇ 50 ਸਾਲਾ ਲਾਰਾ ਨੂੰ ਜਿਮ ਵਿਚ ਵਾਧੂ ਵਰਕਆਊਟ ਦੌਰਾਨ ਸੀਨੇ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਪਰੇਲ ਦੇ ਗਲੋਬਲ ਹਸਪਤਾਲ ਭਰਤੀ ਕਰਾਇਆ ਗਿਆ ਸੀ।
ਸੂਤਰਾਂ ਅਨੁਸਾਰ ਲਾਰਾ ਦੁਪਹਿਰ 12:20 ਮਿੰਟ 'ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੂਤਰਾਂ ਨੇ ਜ਼ਿਆਦਾ ਜਾਣਕਾਰੀ ਦਿੱਤੇ ਬਿਨ੍ਹਾ ਕਿਹਾ ਕਿ ਉਹ ਫਿੱਟ ਤੇ ਠੀਕ ਹੈ। ਕ੍ਰਿਕਟ ਵੈਸਟਇੰਡੀਜ਼ ਵਲੋਂ ਪੋਸਟ ਕੀਤੇ ਗਏ ਆਡੀਓ ਸੰਦੇਸ਼ 'ਚ ਲਾਰਾ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਜੋ ਹੋ ਰਿਹਾ ਹੈ ਉਸ ਨਾਲ ਸਾਰੇ ਚਿੰਤਾ 'ਚ ਹਨ। ਸ਼ਾਇਦ ਸਵੇਰੇ ਜਿਮ 'ਚ ਮੈਂ ਜ਼ਿਆਦਾ ਸਮਾਂ ਬਤੀਤ ਕੀਤਾ ਸੀ। ਮੇਰੀ ਛਾਤੀ 'ਚ ਦਰਦ ਹੋਣ ਲੱਗਾ ਤੇ ਮੈਂ ਸੋਚਿਆ ਕਿ ਡਾਕਟਰ ਨੂੰ ਦਿਖਾਉਣਾ ਵਧੀਆ ਰਹੇਗਾ। ਮੈਂ ਹਸਪਤਾਲ ਗਿਆ, ਬੇਸ਼ੱਕ ਦਰਦ ਜਾਰੀ ਸੀ ਤੇ ਕਈ ਟੈਸਟ ਕੀਤੇ ਗਏ। ਲਾਰਾ ਭਾਵੇਂ ਹੀ ਬੀਮਾਰ ਹਨ ਪਰ ਇਸ ਦੇ ਬਾਵਜੂਦ ਉਹ ਹਸਪਤਾਲ 'ਚ ਵੀ ਕ੍ਰਿਕਟ ਤੋਂ ਦੂਰ ਨਹੀਂ ਸਨ। ਉਨ੍ਹਾਂ ਨੇ ਕਿਹਾ ਹਸਪਤਾਲ 'ਚ ਇੰਗਲੈਂਡ ਬਨਾਮ ਆਸਟਰੇਲੀਆ ਦਾ ਮੈਚ ਦੇਖ ਰਿਹਾ ਹਾਂ। ਇਸ ਮਹਾਨ ਬੱਲੇਬਾਜ਼ ਨੇ ਵੈਸਟਇੰਡੀਜ਼ ਲਈ 131 ਟੈਸਟਾਂ ਵਿਚ 52.89 ਦੀ ਔਸਤ ਨਾਲ 11953 ਦੌੜਾਂ ਬਣਾਈਆਂ। ਉਸ ਨੇ 299 ਵਨ ਡੇ ਕੌਮਾਂਤਰੀ ਮੈਚਾਂ ਵਿਚ 40.17 ਦੀ ਔਸਤ ਨਾਲ 10405 ਦੌੜਾਂ ਬਣਾਈਆਂ ਹਨ। ਉਹ ਟੈਸਟ ਪਾਰੀ ਵਿਚ 400 ਦੌੜਾਂ ਬਣਾਉਣ ਵਾਲਾ ਦੁਨੀਆ ਦਾ ਇਕਲੌਤਾ ਬੱਲੇਬਾਜ਼ ਹੈ।