ਪੰਜਾਬ ''ਚ ਵੱਡੀ ਵਾਰਦਾਤ: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Saturday, Aug 08, 2026 - 11:31 PM (IST)

ਪੰਜਾਬ ''ਚ ਵੱਡੀ ਵਾਰਦਾਤ: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਫਤਿਹਗੜ੍ਹ ਸਾਹਿਬ (ਬਿਪਨ ਭਾਰਦਵਾਜ) - ਸਰਹਿੰਦ ਸ਼ਹਿਰ ਤੋਂ ਡੇਰਾ ਮੀਰ ਮੀਰਾ ਨੂੰ ਜਾਂਦੀ ਸੜਕ 'ਤੇ ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਨੂੰ ਲੈ ਕੇ ਇੱਕ 18 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਦੋਂ ਕਿ ਉਸ ਦਾ ਦੂਜਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸਰਹਿੰਦ ਸ਼ਹਿਰ ਦੇ ਰਹਿਣ ਵਾਲੇ ਅੰਕੁਸ਼ ਵਜੋਂ ਹੋਈ ਹੈ, ਜੋ ਕਿ ਯੂਨੀਵਰਸਿਟੀ ਵਿੱਚ ਬੀ.ਏ. ਦੂਜੇ ਸਾਲ ਦਾ ਵਿਦਿਆਰਥੀ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਫੋਰੈਂਸਿਕ ਟੀਮ ਅਤੇ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਫਤਿਹਗੜ੍ਹ ਸਾਹਿਬ ਦੇ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਮਾਮੂਲੀ ਤਕਰਾਰ ਹੋਈ ਸੀ, ਜੋ ਲੇਟ ਰਾਤ ਦੋਬਾਰਾ ਵੱਡੀ ਲੜਾਈ ਵਿੱਚ ਬਦਲ ਗਈ। ਪੁਲਸ ਨੇ ਮ੍ਰਿਤਕ ਦੇ ਚਚੇਰੇ ਭਰਾ ਰਣਜੋਧ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ 4 ਸ਼ੱਕੀ ਵਿਅਕਤੀਆਂ ਨੂੰ ਰਾਊਂਡ-ਅੱਪ ਕਰ ਲਿਆ ਹੈ ਅਤੇ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਜਾਰੀ ਹੈ।

ਦੂਜੇ ਪਾਸੇ, ਮ੍ਰਿਤਕ ਦੀ ਮਾਂ ਰਾਧਾ ਨੇ ਦੱਸਿਆ ਕਿ ਅੰਕੁਸ਼ ਦੁਪਹਿਰ ਕਰੀਬ 3 ਵਜੇ ਘਰੋਂ ਦਹੀਂ ਲੈਣ ਗਿਆ ਸੀ। ਸ਼ਾਮ 5 ਵਜੇ ਉਹ ਆਪਣੇ ਪਿਤਾ ਕੋਲ ਮੋਟਰਸਾਈਕਲ 'ਚ ਤੇਲ ਪਵਾਉਣ ਲਈ 50 ਰੁਪਏ ਲੈਣ ਆਇਆ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਘਰ ਜਾਣ ਲਈ ਕਿਹਾ। ਰਾਤ ਕਰੀਬ ਸਾਢੇ 8 ਵਜੇ ਪਰਿਵਾਰ ਨੂੰ ਫੋਨ ਆਇਆ ਕਿ ਅੰਕੁਸ਼ ਦੇ ਸੱਟਾਂ ਵੱਜੀਆਂ ਹਨ ਅਤੇ ਉਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ ਹੈ। ਜਦੋਂ ਪਰਿਵਾਰ ਮੌਕੇ 'ਤੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਅੰਕੁਸ਼ ਦੀ ਮੌਤ ਹੋ ਚੁੱਕੀ ਹੈ। ਅੰਕੁਸ਼ ਦੇ ਪਿਤਾ ਮੂਨਾ ਅਤੇ ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
 


author

Inder Prajapati

Content Editor

Related News