ਛੁੱਟੀ ''ਤੇ ਆਏ ਸਬ-ਇੰਸਪੈਕਟਰ ਦੀ ਕਰੰਟ ਲੱਗਣ ਨਾਲ ਮੌਤ

Tuesday, Aug 11, 2026 - 11:08 AM (IST)

ਛੁੱਟੀ ''ਤੇ ਆਏ ਸਬ-ਇੰਸਪੈਕਟਰ ਦੀ ਕਰੰਟ ਲੱਗਣ ਨਾਲ ਮੌਤ

ਬਠਿੰਡਾ (ਮਨਜੀਤ) : ਜ਼ਿਲੇ ਦੇ ਪਿੰਡ ਪਥਰਾਲਾ ਵਿਖੇ ਬੇਟੀ ਦੇ ਸ਼ਗਨ ਸਮਾਗਮ ਲਈ 15 ਦਿਨਾਂ ਦੀ ਛੁੱਟੀ ਲੈ ਕੇ ਘਰ ਆਏ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੇ ਸਬ-ਇੰਸਪੈਕਟਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਨੇ ਖ਼ੁਸ਼ੀਆਂ ਭਰੇ ਘਰ ਨੂੰ ਪਲਾਂ 'ਚ ਹੀ ਗ਼ਮ ਦੇ ਮਾਹੌਲ ਵਿਚ ਬਦਲ ਦਿੱਤਾ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਸੀ. ਆਰ. ਪੀ. ਐੱਫ. 'ਚ ਸਬ-ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ ਆਪਣੀ ਬੇਟੀ ਦੇ ਸ਼ਗਨ ਸਮਾਗਮ ਵਿਚ ਸ਼ਾਮਲ ਹੋਣ ਲਈ 15 ਦਿਨਾਂ ਦੀ ਛੁੱਟੀ ਲੈ ਕੇ ਪਿੰਡ ਪਥਰਾਲਾ ਸਥਿਤ ਆਪਣੇ ਘਰ ਆਏ ਹੋਏ ਸਨ। ਅੱਜ ਉਨ੍ਹਾਂ ਦੀ ਬੇਟੀ ਦਾ ਸ਼ਗਨ ਸੀ ਅਤੇ ਘਰ ਵਿਚ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸੇ ਦੌਰਾਨ ਜਸਵਿੰਦਰ ਸਿੰਘ ਘਰ ਦੀ ਸਫ਼ਾਈ ਕਰਨ ਵਿੱਚ ਪਰਿਵਾਰਕ ਮੈਂਬਰਾਂ ਦਾ ਹੱਥ ਵਟਾ ਰਹੇ ਸਨ। ਦੱਸਿਆ ਜਾਂਦਾ ਹੈ ਕਿ ਸਫ਼ਾਈ ਕਰਦਿਆਂ ਜਦੋਂ ਉਹ ਘਰ ਵਿਚ ਲੱਗੇ ਇਨਵਰਟਰ ਨੂੰ ਚੁੱਕ ਕੇ ਪਾਸੇ ਕਰਨ ਲੱਗੇ ਤਾਂ ਅਚਾਨਕ ਉਨ੍ਹਾਂ ਨੂੰ ਇਨਵਰਟਰ ਵਿਚੋਂ ਕਰੰਟ ਦਾ ਜ਼ੋਰਦਾਰ ਝਟਕਾ ਲੱਗ ਗਿਆ। ਕਰੰਟ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
 


author

Babita

Content Editor

Related News