ਪੰਜਾਬ ਨੂੰ ਬਚਾਉਣ ਲਈ ਭਾਜਪਾ ਦੀ ਮੁਹਿੰਮ ਤੇਜ਼, ਹਰ ਘਰ ਤੱਕ ਪਹੁੰਚਣਗੀਆਂ ਨੀਤੀਆਂ: ਕੇਵਲ ਸਿੰਘ ਢਿੱਲੋਂ

Sunday, Aug 09, 2026 - 08:34 PM (IST)

ਪੰਜਾਬ ਨੂੰ ਬਚਾਉਣ ਲਈ ਭਾਜਪਾ ਦੀ ਮੁਹਿੰਮ ਤੇਜ਼, ਹਰ ਘਰ ਤੱਕ ਪਹੁੰਚਣਗੀਆਂ ਨੀਤੀਆਂ: ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ: ਪੰਜਾਬ ਨੂੰ ਦਰਪੇਸ਼ ਨਸ਼ਿਆਂ, ਬੇਰੁਜ਼ਗਾਰੀ, ਕਾਨੂੰਨ ਵਿਵਸਥਾ ਅਤੇ ਕਿਸਾਨੀ ਸੰਕਟ ਵਰਗੇ ਗੰਭੀਰ ਮਸਲਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿਚ ਆਪਣੀ ਪਹੁੰਚ ਹੋਰ ਵਿਸ਼ਾਲ ਕੀਤੀ ਹੈ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਵੱਲੋਂ ਪਿੰਡ ਤੇ ਸ਼ਹਿਰ ਪੱਧਰ 'ਤੇ ਲਗਾਤਾਰ ਸੰਪਰਕ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਤਾਂ ਜੋ ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਯੋਜਨਾਵਾਂ ਦਾ ਲਾਭ ਸਿੱਧਾ ਪੰਜਾਬ ਦੇ ਹਰ ਪਰਿਵਾਰ ਤੱਕ ਪਹੁੰਚਾਇਆ ਜਾ ਸਕੇ।

ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਅੱਜ ਨਸ਼ਿਆਂ ਦੀ ਮਾਰ, ਵਿਗੜਦੀ ਕਾਨੂੰਨ ਵਿਵਸਥਾ ਅਤੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਲਾਇਨ ਵਰਗੇ ਸੰਕਟਾਂ ਨਾਲ ਜੂਝ ਰਿਹਾ ਹੈ, ਪਰ ਸੱਤਾਧਾਰੀ ਧਿਰ ਕੋਲ ਇਨ੍ਹਾਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਨਹੀਂ। ਉਨ੍ਹਾਂ ਦੱਸਿਆ ਕਿ ਭਾਜਪਾ ਪੰਜਾਬ ਨੂੰ ਮੁੜ ਸੁਰੱਖਿਅਤ, ਖੁਸ਼ਹਾਲ ਅਤੇ ਤਰੱਕੀਸ਼ੀਲ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਇਸੇ ਦਿਸ਼ਾ ਵਿੱਚ ਸੰਗਠਨ ਨੂੰ ਪਿੰਡ-ਪਿੰਡ, ਬੂਥ-ਬੂਥ ਤੱਕ ਮਜ਼ਬੂਤ ਕੀਤਾ ਜਾ ਰਿਹਾ ਹੈ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ 9 ਤੋਂ 14 ਅਗਸਤ ਤੱਕ ਪੂਰੇ ਪੰਜਾਬ ਵਿੱਚ 'ਹਰ ਘਰ ਤਿਰੰਗਾ' ਮੁਹਿੰਮ ਚਲਾਈ ਜਾ ਰਹੀ ਹੈ। ਢਿੱਲੋਂ ਨੇ ਕਿਹਾ ਕਿ ਪੰਜਾਬ, ਜੋ ਸਰਹੱਦੀ ਸੂਬਾ ਹੋਣ ਦੇ ਨਾਲ-ਨਾਲ ਦੇਸ਼ ਲਈ ਸ਼ਹਾਦਤਾਂ ਦੀ ਧਰਤੀ ਵੀ ਹੈ, ਵਿੱਚ ਹਰ ਜ਼ਿਲ੍ਹੇ, ਸ਼ਹਿਰ ਤੇ ਪਿੰਡ ਵਿੱਚ 'ਤਿਰੰਗਾ ਯਾਤਰਾਵਾਂ' ਕੱਢੀਆਂ ਜਾਣਗੀਆਂ ਅਤੇ ਲੋਕਾਂ ਨੂੰ ਆਪਣੇ ਘਰਾਂ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਪੰਜਾਬ ਪ੍ਰਧਾਨ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਦੇ ਸਬੰਧ ਵਿਚ ਦੇਸ਼ ਪੱਧਰ 'ਤੇ ਚੱਲ ਰਹੇ 'ਸਮਰਸਤਾ ਸੰਕਲਪ ਅਭਿਆਨ' ਤਹਿਤ ਗੁਰੂ ਜੀ ਦੀ ਜਨਮਭੂਮੀ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਦੀ 'ਕਲਸ਼ ਯਾਤਰਾ' ਪੰਜਾਬ ਦੇ ਪਿੰਡ-ਪਿੰਡ, ਖਾਸ ਕਰਕੇ ਦੋਆਬਾ ਖੇਤਰ ਵਿੱਚ ਪਹੁੰਚ ਰਹੀ ਹੈ, ਜਿੱਥੇ ਦਲਿਤ ਭਾਈਚਾਰੇ ਦੀ ਵੱਡੀ ਆਬਾਦੀ ਹੈ। ਢਿੱਲੋਂ ਨੇ ਕਿਹਾ ਕਿ ਇਹ ਯਾਤਰਾ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਸਮਾਜਿਕ ਸਮਰਸਤਾ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾ ਰਹੀ ਹੈ।

ਪ੍ਰਧਾਨ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਲੀਕਣ ਲਈ ਦਿੱਲੀ ਵਿਖੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਸੂਬਾ ਪ੍ਰਭਾਰੀ ਸਤੀਸ਼ ਪੂਨੀਆ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਢਿੱਲੋਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਪੰਜਾਬ ਦੇ ਖਾਸ ਮੁੱਦਿਆਂ ਖੇਤੀ, ਨੌਜਵਾਨ, ਸਰਹੱਦੀ ਸੁਰੱਖਿਆ ਅਤੇ ਸ਼ਹਿਰੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖੀ ਰੋਡਮੈਪ 'ਤੇ ਸਾਰਥਕ ਚਰਚਾ ਹੋਈ। ਆਉਣ ਵਾਲੇ ਦਿਨਾਂ ਵਿਚ ਹਰ ਜ਼ਿਲ੍ਹੇ, ਹਰ ਮੰਡਲ ਅਤੇ ਹਰ ਪਿੰਡ ਪੱਧਰ 'ਤੇ ਮਜ਼ਬੂਤ ਟੀਮਾਂ ਬਣਾਈਆਂ ਜਾਣਗੀਆਂ, ਜਿਸ ਦੇ ਆਉਣ ਵਾਲੀਆਂ ਚੋਣਾਂ ਵਿੱਚ ਸਾਕਾਰਾਤਮਕ ਨਤੀਜੇ ਸਾਹਮਣੇ ਆਉਣਗੇ।


author

Anmol Tagra

Content Editor

Related News