Birthday Special : ਜਾਣੋ ਅੰਡਰ-19 ਵਰਲਡ ਕੱਪ ਦੇ ਹੀਰੋ ਸ਼ੁੱਭਮਨ ਗਿੱਲ ਨਾਲ ਜੁੜੀਆਂ ਖ਼ਾਸ ਗੱਲਾਂ

09/08/2021 1:43:33 PM

ਨਵੀਂ ਦਿੱਲੀ- ਟੀਮ ਇੰਡੀਆ ਦੇ ਨੌਜਵਾਨ ਖਿਡਾਰੀਆਂ 'ਚੋਂ ਇਕ ਸ਼ੁੱਭਮਨ ਗਿੱਲ ਅੱਜ ਆਪਣਾ 22ਵਾਂ ਜਨਮ ਦਿਨ ਮਨਾ ਰਹੇ ਹਨ। ਭਾਰਤ ਨੇ ਅੰਡਰ-19 ਵਿਸ਼ਵ ਕੱਪ 2018 'ਚ ਸ਼ੁੱਭਮਨ ਗਿੱਲ ਦੀ ਬਦੌਲਤ ਹੀ ਜਿੱਤ ਦਰਜ ਕੀਤੀ ਸੀ। ਗਿੱਲ ਦਾ ਜਨਮ 8 ਸਤੰਬਰ 1999 ਨੂੰ ਪੰਜਾਬ ਦੇ ਫਾਜ਼ਿਲਕਾ 'ਚ ਹੋਇਆ ਸੀ। ਸ਼ੁੱਭਮਨ ਬਹੁਤ ਘੱਟ ਉਮਰ 'ਚ ਹੀ ਆਪਣੀ ਇਕ ਅਲਗ ਪਛਾਣ ਬਣਾ ਚੁੱਕੇ ਹਨ।
ਇਹ ਵੀ ਪੜ੍ਹੋ : ਸ਼ਿਖਰ ਧਵਨ ਨੇ ਪਤਨੀ ਤੋਂ ਲਿਆ ਤਲਾਕ ! ਸੋਸ਼ਲ ਮੀਡੀਆ 'ਤੇ ਪੋਸਟ ਵਾਇਰਲ

ਜ਼ਿਕਰਯੋਗ ਹੈ ਕਿ ਸ਼ੁੱਭਮਨ ਗਿੱਲ ਦੇ ਪਿਤਾ ਲਖਵਿੰਦਰ ਗਿੱਲ ਕਿਸਾਨ ਹਨ। ਉਹ ਖ਼ੁਦ ਕ੍ਰਿਕਟਰ ਬਣਨਾ ਚਾਹੁੰਦੇ ਸਨ ਪਰ ਬਣ ਨਹੀਂ ਸਕੇ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਸ਼ੁੱਭਮਨ ਨੂੰ ਕ੍ਰਿਕਟਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ। ਪੁੱਤਰ ਦੇ ਕਰੀਅਰ ਨੂੰ ਧਿਆਨ 'ਚ ਰੱਖ ਕੇ ਉਹ ਮੋਹਾਲੀ ਆਏ। ਸਾਲ 2017 ਦੇ ਅੰਤ 'ਚ ਰਣਜੀ ਟਰਾਫੀ 'ਚ ਸ਼ੁੱਭਮਨ ਨੇ ਪੰਜਾਬ ਲਈ ਖੇਡਣਾ ਸ਼ੁਰੂ ਕੀਤਾ। ਗਿੱਲ ਨੇ ਪਹਿਲੇ ਹੀ ਮੈਚ 'ਚ ਅਰਧ ਸੈਂਕੜਾ ਜੜਿਆ ਤੇ ਦੂਜੇ ਮੈਚ 'ਚ 129 ਦੌੜਾਂ ਦੀ ਪਾਰੀ ਖੇਡ ਕੇ ਆਪਣੇ ਵਲ ਸਾਰਿਆਂ ਦਾ ਧਿਆਨ ਖਿੱਚਿਆ। 

PunjabKesari

ਪਿਤਾ ਦਸਦੇ ਹਨ ਕਿ ਸ਼ੁੱਭਮਨ 'ਚ ਕ੍ਰਿਕਟ ਦੀ ਅਜਿਹੀ ਲਗਨ ਸੀ ਕਿ ਉਹ ਰੋਜ਼ਾਨਾ 3.30 ਵਜੇ ਉਠਦੇ ਤੇ ਅਕੈਡਮੀ ਪਹੁੰਚ ਜਾਂਦੇ ਸਨ। ਉਹ ਦਿਨ ਭਰ ਪ੍ਰੈਕਟਿਸ ਕਰਦੇ ਤੇ ਸ਼ਾਮ ਨੂੰ ਸੀਨੀਅਰ ਖਿਡਾਰੀਆਂ ਦੇ ਸੈਸ਼ਨ ਨੂੰ ਦੇਖਦੇ ਸਨ। ਸ਼ੁੱਭਮਨ ਨੇ ਸ਼ੁਰੂ ਦੇ ਸਮੇਂ ਸਕੂਲ ਦੀ ਇਕ ਕ੍ਰਿਕਟ ਅਕੈਡਮੀ 'ਚ ਕੋਚਿੰਗ ਲਈ ਤੇ ਫਿਰ ਪੀ. ਸੀ. ਏ. ਮੋਹਾਲੀ ਦੀ ਕ੍ਰਿਕਟ ਅਕੈਡਮੀ 'ਚ ਦਾਖ਼ਲਾ ਲਿਆ।
ਇਹ ਵੀ ਪੜ੍ਹੋ : ਓਲੰਪਿਕ ਮੈਡਲ ਜੇਤੂਆਂ ਨੂੰ ਮੁੱਖ ਮੰਤਰੀ ਅੱਜ ਦੇਣਗੇ ਸ਼ਾਹੀ ਭੋਜ, ਕੈਪਟਨ ਖੁਦ ਤਿਆਰ ਕਰਨਗੇ ਪੁਲਾਅ ਤੇ ਚਿਕਨ

PunjabKesari

ਸ਼ੁੱਭਮਨ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਚੋਣਕਰਤਾਵਾਂ ਨੇ ਉਨ੍ਹਾਂ ਨੂੰ ਅੰਡਰ-19 ਵਰਲਡ ਕੱਪ ਖੇਡਣ ਵਾਲੀ ਟੀਮ 'ਚ ਚੁਣਿਆ। ਭਾਰਤ ਨੇ ਸਾਲ 2018 'ਚ ਵਰਲਡ ਕੱਪ ਜਿੱਤਿਆ ਤੇ ਗਿੱਲ ਦੀ ਇਸ 'ਚ ਵੱਡੀ ਭੂਮਿਕਾ ਰਹੀ। ਉਹ ਮੈਨ ਆਫ਼ ਦਿ ਟੂਰਨਾਮੈਂਟ ਵੀ ਰਹੇ। ਅੰਡਰ-19 ਵਰਲਡ ਕੱਪ 'ਚ ਬਿਹਤਰੀਨ ਪ੍ਰਦਰਸ਼ਨ ਦੇ ਬਾਅਦ ਉਨ੍ਹਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2018 ਲਈ ਕੋਲਕਾਤਾ ਨਾਈਟਰਾਈਡਰਜ਼ ਦੀ ਟੀਮ 'ਚ ਚੁਣਿਆ ਗਿਆ। ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਨੂੰ ਗਿੱਲ ਆਪਣਾ ਆਦਰਸ਼ ਮੰਨਦੇ ਹਨ। ਸਚਿਨ ਉਨ੍ਹਾਂ ਦੇ ਆਲਟਾਈਮ ਫੇਵਰਟ ਖਿਡਾਰੀ ਹਨ, ਜਦਕਿ ਕੋਹਲੀ ਵਰਤਮਾਨ ਕ੍ਰਿਕਟਰਾਂ 'ਚੋਂ ਉਨ੍ਹਾਂ ਦੇ ਪਸੰਦੀਦਾ ਹਨ।

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News