BFI ਨੇ ਸਾਬਕਾ ਜਨਰਲ ਸਕੱਤਰ ਜੈ ਕੋਵਲੀ ਨੂੰ ''ਡਿਊਟੀ ''ਚ ਲਾਪਰਵਾਹੀ'' ਲਈ ਕੀਤਾ ਮੁਅੱਤਲ

Wednesday, Jan 12, 2022 - 06:33 PM (IST)

BFI ਨੇ ਸਾਬਕਾ ਜਨਰਲ ਸਕੱਤਰ ਜੈ ਕੋਵਲੀ ਨੂੰ ''ਡਿਊਟੀ ''ਚ ਲਾਪਰਵਾਹੀ'' ਲਈ ਕੀਤਾ ਮੁਅੱਤਲ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀ.ਐੱਫ.ਆਈ.) ਨੇ ਆਪਣੀ ਅਨੁਸ਼ਾਸਨੀ ਕਮੇਟੀ ਦੇ ਫੈਸਲੇ ਤੋਂ ਬਾਅਦ ਆਪਣੇ ਸਾਬਕਾ ਜਨਰਲ ਸਕੱਤਰ ਅਤੇ ਮਹਾਰਾਸ਼ਟਰ ਸਟੇਟ ਐਸੋਸੀਏਸ਼ਨ ਦੇ ਪ੍ਰਧਾਨ ਜੈ ਕੋਵਲੀ ਨੂੰ ਮੁਅੱਤਲ ਕਰ ਦਿੱਤਾ ਹੈ। ਕਮੇਟੀ ਨੇ ਕਿਹਾ ਕਿ ਉਹ ਮੌਜੂਦਾ ਭੂਮਿਕਾ ਵਿਚ ਆਪਣੀ ਡਿਊਟੀ ਨਿਭਾਉਣ ਵਿਚ ਅਸਫਲ ਰਹੇ ਹਨ। ਕੋਵਲੀ ਇਕ ਰੈਫਰੀ/ਜੱਜ ਵੀ ਹਨ।

ਫੈਡਰੇਸ਼ਨ ਦੇ ਇਕ ਉੱਚ ਸੂਤਰ ਨੇ ਦੱਸਿਆ ਕਿ ਉਨ੍ਹਾਂ ਨੂੰ 'ਡਿਊਟੀ ਵਿਚ ਲਾਪਰਵਾਹੀ ਲਈ ਭਾਰਤ ਅਤੇ ਵਿਦੇਸ਼ ਵਿਚ ਮੁੱਕੇਬਾਜ਼ੀ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਤੋਂ ਰੋਕ ਦਿੱਤਾ ਗਿਆ ਹੈ।' ਇਹ ਫੈਸਲਾ ਬੀ.ਐੱਫ.ਆਈ. ਦੀ 10 ਜਨਵਰੀ ਨੂੰ ਹੋਈ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਮੁੱਕੇਬਾਜ਼ ਤੋਂ ਪ੍ਰਸ਼ਾਸਕ ਬਣੇ ਕੋਵਲੀ ਨੇ ਇਸ ਮਾਮਲੇ 'ਤੇ ਟਿੱਪਣੀ ਲਈ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਸੂਤਰ ਨੇ ਕਿਹਾ, 'ਉਨ੍ਹਾਂ ਨੂੰ ਲੈ ਕੇ ਅਤੀਤ ਵਿਚ ਕਈ ਘਟਨਾਵਾਂ ਹੋਈਆਂ ਹਨ ਅਤੇ ਜਦੋਂ ਉਨ੍ਹਾਂ ਤੋਂ ਮਹਾਰਾਸ਼ਟਰ ਸੰਸਥਾ ਦੇ ਕੰਮਕਾਜ ਬਾਰੇ ਰਿਪੋਰਟ ਮੰਗੀ ਗਈ ਸੀ ਤਾਂ ਉਹ ਅਜਿਹਾ ਕਰਨ ਵਿਚ ਅਸਫ਼ਲ ਰਹੇ।'

ਉਨ੍ਹਾਂ ਕਿਹਾ, 'ਇਸ ਲਈ BFI ਦੀ ਅਨੁਸ਼ਾਸਨੀ ਕਮੇਟੀ ਨੇ ਸਿਫ਼ਾਰਿਸ਼ ਕੀਤੀ ਕਿ ਉਨ੍ਹਾਂ ਨੂੰ ਉਦੋਂ ਤੱਕ ਖੇਡ ਤੋਂ ਮੁਅੱਤਲ ਕਰ ਦਿੱਤਾ ਜਾਵੇ ਜਦੋਂ ਤੱਕ ਉਹ ਆਪਣੇ ਐਕਸ਼ਨ ਲਈ ਸਵੀਕਾਰਯੋਗ ਸਪੱਸ਼ਟੀਕਰਨ ਨਹੀਂ ਦੇ ਦਿੰਦੇ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਫੈਸਲੇ 'ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ।'


author

cherry

Content Editor

Related News