ਮਰਹੂਮ ਬੇਬੇ ਮਾਨ ਕੌਰ ਨੇ 102 ਸਾਲ ਦੀ ਉਮਰ ’ਚ ਜਿੱਤਿਆ ਸੀ 'ਗੋਲਡ ਮੈਡਲ', ਜਾਣੋ ਕੀ ਸੀ ਲੰਬੀ ਉਮਰ ਦਾ ਰਾਜ਼

Saturday, Jul 31, 2021 - 05:31 PM (IST)

ਮਰਹੂਮ ਬੇਬੇ ਮਾਨ ਕੌਰ ਨੇ 102 ਸਾਲ ਦੀ ਉਮਰ ’ਚ ਜਿੱਤਿਆ ਸੀ  'ਗੋਲਡ ਮੈਡਲ', ਜਾਣੋ ਕੀ ਸੀ ਲੰਬੀ ਉਮਰ ਦਾ ਰਾਜ਼

ਸਪੋਰਟਸ ਡੈਸਕ– ਪੰਜਾਬ ਦੀ 105 ਸਾਲਾ ਤੇਜ਼ ਦੌੜਾਕ ਬੇਬੇ ਮਾਨ ਕੌਰ ਅੱਜ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ । ਬੇਬੇ ਮਾਨ ਕੌਰ ਡੇਰਾਬੱਸੀ ਦੇ ਹਸਪਤਾਲ ਵਿਚ ਜੇਰੇ ਇਲਾਜ ਸਨ। ਬੇਬੇ ਮਾਨ ਕੌਰ ਜੀ ਦੀ ਮੌਤ ਦੀ ਖ਼ਬਰ ਦਿੰਦਿਆਂ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਤਾ ਮਾਨ ਕੌਰ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ। ਮਾਨ ਕੌਰ ਦੇ ਦਿਹਾਂਤ ਦੀ ਖ਼ਬਰ ਨਾਲ ਦੇਸ਼ ਤੇ ਦੁਨੀਆ ’ਚ ਵਸਦੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਦੁਖੀ ਤੇ ਨਿਰਾਸ਼ ਹਨ।
ਇਹ ਵੀ ਪੜ੍ਹੋ : 3 ਵਿੱਚੋਂ 2 ਰਾਊਂਡ ਜਿੱਤ ਕੇ ਹਾਰੀ ਮੈਰੀਕਾਮ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਫ਼ੈਸਲਿਆਂ 'ਤੇ ਚੁੱਕੇ ਸਵਾਲ

ਮਾਨ ਕੌਰ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ। ਉਸ ਉਮਰ ਵਿਚ ਜਿਥੇ ਹੋਰ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਹਿੱਲਣ ਤੋਂ ਵੀ ਲਾਚਾਰ ਹੋ ਜਾਂਦੇ ਹਨ। ਬੇਬੇ ਮਾਨ ਕੌਰ ਵੱਲੋਂ ਵਿਸ਼ਵ ਵਿਆਪੀ ਦੌੜਾਂ ਵਿਚ ਹਿੱਸੇ ਲੈਣਾ ਅਤੇ ਗੋਲਡ ਮੈਡਲ ਜਿੱਤਣਾ ਸੱਚਮੁੱਚ ਅਦੁਭੁਤ ਸੀ । ਬੇਬੇ ਮਾਨ ਕੌਰ ਆਕਲੈਂਡ 2017 ਦੀਆਂ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਏ ਸਨ। ਮਾਨ ਕੌਰ ਨੇ 102 ਸਾਲ ਦੀ ਉਮਰ ’ਚ ਸਪੇਨ ’ਚ ਆਯੋਜਿਤ ਵਰਲਡ ਮਾਸਟਰਸ ਐਥਲੈਟਿਕਸ ਚੈਂਪੀਅਨਿਸ਼ਪ ’ਚ 100-104 ਉਮਰ ਵਰਗ ’ਚ 200 ਮੀਟਰ ਰੇਸ ’ਚ 3 ਮਿੰਟ ਤੇ 14.65 ਸਕਿੰਟ ਦੇ ਸਮੇਂ ਦੇ ਨਾਲ ਦੌੜਦੇ ਹੋਏ ਸੋਨ ਤਮਗ਼ਾ ਹਾਸਲ ਕੀਤਾ । ਉਨ੍ਹਾਂ ਦੇ ਨਾਂ ਕਈ ਰਿਕਾਰਡ ਦਰਜ ਹਨ।

ਬੇਬੇ ਮਾਨ ਕੌਰ ਨੇ ਪੂਰੀ ਜ਼ਿੰਦਗੀ ਸਾਦਗੀ ਭਰਪੂਰ ਤਰੀਕੇ ਨਾਲ ਗੁਜਾਰੀ। ਉਹ ਟੀਵੀ ਅਤੇ ਇੰਟਰਨੈੱਟ ਅਤੇ ਹੋਰ ਅਧੁਨਿਕ ਮਨੋਰੰਜਨ ਦੇ ਸਾਧਨਾ ਤੋਂ ਕੋਹਾਂ ਦੂਰ ਰਹੇ। ਬੇਬੇ ਮਾਨ ਕੌਰ ਗਿੱਧੇ ਅਤੇ ਬੋਲੀਆਂ ਦੇ ਬਹੁਤ ਸ਼ੌਕੀਨ ਹਨ। ਤਣਾਅ ਮੁਕਤ ਜ਼ਿੰਦਗੀ ਜੀਉਣੀ ਅਤੇ ਖੁਸ਼ੀ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਸੀ ।
ਇਹ ਵੀ ਪੜ੍ਹੋ : Tokyo Olympics : ਕਮਲਪ੍ਰੀਤ ਕੌਰ ਤੋਂ ਤਮਗ਼ੇ ਦੀਆਂ ਉਮੀਦਾਂ, ਡਿਸਕਸ ਥ੍ਰੋਅ ਦੇ ਫ਼ਾਈਨਲ ’ਚ ਪੁੱਜੀ

ਬੀਤੇ 1 ਮਾਰਚ ਨੂੰ ਬੇਬੇ ਮਾਨ ਕੌਰ ਨੇ ਉਮਰ ਦੇ 105 ਵਰ੍ਹੇ ਪੂਰੇ ਕਰ ਲਏ ਸਨ । 100 ਸਾਲ ਦੀ ਉਮਰ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੀ ਬੇਬੇ ਮਾਨ ਕੌਰ ਦਾ ਜੀਵਨ ਸਫ਼ਰ ਬੜਾ ਹੀ ਰੌਚਕ ਹੈ। ਜਦੋਂ ਤਕ ਬੇਬੇ ਮਾਨ ਕੌਰ ਪੂਰੀ ਤਰ੍ਹਾਂ ਸਵਸਥ ਸਨ ਉਦੋਂ 100 ਅਤੇ 200 ਮੀਟਰ ਦੀ ਦੌੜ ਲਗਾਉਂਦੇ ਸਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਹੀ ਵਰਗਾਂ ਵਿੱਚ ਉਨ੍ਹਾਂ ਦਾ ਵਿਸ਼ਵ ਰਿਕਾਰਡ ਹੈ। ਇਸ ਤੋਂ ਇਲਾਵਾ ਬੇਬੇ ਮਾਨ ਕੌਰ ਨੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਸਭ ਤੋਂ ਉੱਚੀ ਇਮਾਰਤ ਸਕਾਈ ਟਾਵਰ 'ਤੇ ਸਕਾਈ ਵਾਕ ਕਰਕੇ ਵੀ ਨਵਾਂ ਰਿਕਾਰਡ ਕਾਇਮ ਕੀਤਾ ਸੀ।

PunjabKesari

ਬੇਬੇ ਮਾਨ ਕੌਰ ਬਹੁਤ ਹੀ ਅਨੁਸ਼ਾਸਨ ਭਰਪੂਰ ਜ਼ਿੰਦਗੀ ਜਿਉਂਦੇ ਸਨ। ਇਹੋ ਉਨ੍ਹਾਂ ਦੇ ਲੰਬੀ ਉਮਰ ਦਾ ਰਾਜ਼ ਵੀ ਰਿਹਾ। ਬੇਬੇ ਮਾਨ ਕੌਰ ਬਿਨਾ ਨਾਗਾ ਸਵੇਰੇ ਪੰਜ ਵਜੇ ਉੱਠਦੇ ਸਨ। ਬੇਬੇ ਮਾਨ ਕੌਰ ਦੱਸਦੇ ਸਨ ਕਿ ਸਵੇਰੇ ਤੜਕੇ ਉੱਠ ਕੇ ਸੋਇਆਬੀਨ ਵਾਲੇ ਦੁੱਧ ਦਾ ਇੱਕ ਗਲਾਸ ਪੀਂਦੇ ਸਨ। ਇਸ ਤੋਂ ਬਾਅਦ 11 ਵਜੇ ਦੇ ਕਰੀਬ ਉਹ ਭਿੱਜੀ ਹੋਈ ਕਣਕ ਦੀ ਰੋਟੀ ਅਤੇ ਦਹੀ ਖਾਂਦੇ ਸਨ। ਸ਼ਾਮ ਨੂੰ ਚਾਰ ਵਜੇ ਉਹ ਕਣਕ ਦੇ ਪੱਤਿਆਂ ਦਾ ਜੂਸ ਅਤੇ ਮੌਸਮੀ ਫਲ ਵੀ ਖਾਂਦੇ ਸਨ। ਇਸੇ ਤਰ੍ਹਾਂ ਰਾਤ ਦੇ ਖਾਣੇ ਵਿਚ ਉਹ ਰੋਟੀ ਅਤੇ ਸਬਜ਼ੀ ਲੈਂਦੇ ਸਨ। ਬੇਬੇ ਮਾਨ ਕੌਰ ਦੱਸਦੇ ਸਨ ਕਿ ਉਹ ਤਲੇ ਹੋਏ ਭੋਜਨ ਨੂੰ ਹੱਥ ਵੀ ਨਹੀਂ ਲਾਉਂਦੇ । ਉਹ ਦੱਸਦੇ ਸਨ ਕਿ ਉਹ ਹਮੇਸ਼ਾ ਦੇਸੀ ਖੁਰਾਕ ਖਾਂਦੇ ਸਨ ਅਤੇ ਉਨ੍ਹਾਂ ਦੀ ਖੁਰਾਕ ਦਾ ਧਿਆਨ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਰੱਖਦੇ ਸਨ।
ਇਹ ਵੀ ਪੜ੍ਹੋ : Tokyo Olympics : ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਦੱਖਣੀ ਅਫ਼ਰੀਕਾ ਨੂੰ 4-3 ਨਾਲ ਹਰਾਇਆ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਾਨ ਕੌਰ ਦੀ ਪ੍ਰਸ਼ੰਸਾ ਕੀਤੀ ਸੀ। ਮੋਦੀ ਨੇ ਹਾਕੀ ਜਾਦੂਗਰ ਮੇਜਰ ਧਿਆਨਚੰਦ ਦੇ ਜਨਮ ਦਿਨ ਦੇ ਮੌਕੇ ‘ਫਿਟ ਇੰਡੀਆ ਮੂਵਮੈਂਟ’ ਦੇ ਸਮੇਂ ਮਾਨ ਕੌਰ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਮਾਨ ਕੌਰ ਸਾਰਿਆਂ ਲਈ ਪ੍ਰੇਰਣਾ ਹੈ, ਸਾਰਿਆਂ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

ਨੋਟ ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ । ਕੁਮੈਂਟ ਕਰਕੇ ਦਿਓ ਜਵਾਬ।

 

 


author

Tarsem Singh

Content Editor

Related News