IPL 2019 : ਲੋਕਪਾਲ ਕੋਲ ਗਾਂਗੁਲੀ ਵਿਰੁੱਧ ਸ਼ਿਕਾਇਤ
Sunday, Mar 31, 2019 - 12:45 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਲੋਕਪਾਲ ਜੱਜ (ਰਿਟਾ.) ਡੀ. ਕੇ. ਜੈਨ ਨੂੰ ਸੌਰਭ ਗਾਂਗੁਲੀ ਵਿਰੁੱਧ ਹਿੱਤਾਂ ਦੇ ਟਕਰਾਅ ਦੀਆਂ ਦੋ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ 12 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਵਿਰੁੱਧ ਈਡਨ ਗਾਰਡਨ 'ਚ ਖੇਡੇ ਜਾਣ ਵਾਲੇ ਮੈਚ ਵਿਚ ਮਹਿਮਾਨ ਟੀਮ 'ਚ ਸਲਾਹਕਾਰ ਦੀ ਭੂਮਿਕਾ ਨਿਭਾਏਗਾ, ਜਦਕਿ ਉਹ ਬੰਗਾਲ ਕ੍ਰਿਕਟ ਸੰਘ ਦਾ ਮੁਖੀ ਵੀ ਹੈ।
ਬੰਗਾਲ ਦੇ ਦੋ ਕ੍ਰਿਕਟ ਪ੍ਰਸ਼ੰਸਕਾਂ ਰੰਜੀਤ ਸੀਲ ਤੇ ਬਾਸਵਤੀ ਸ਼ਾਂਤੂਆ ਨੇ ਲੋਕਪਾਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਬੰਗਾਲ ਕ੍ਰਿਕਟ ਸੰਘ ਦੇ ਮੁਖੀ ਅਹੁਦੇ 'ਤੇ ਰਹਿੰਦਿਆਂ ਦਿੱਲੀ ਕੈਪੀਟਲਸ ਦੀ ਸਲਾਹਕਾਰ ਦੀ ਭੂਮਿਕਾ ਨਿਭਾਉਣਾ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ। ਇਸ ਮਾਮਲੇ 'ਚ ਗਾਂਗੁਲੀ ਦੀ ਪ੍ਰਤੀਕਿਰਿਆ ਨਹੀਂ ਮਿਲੀ ਪਰ ਉਸ ਦੇ ਇਕ ਨੇੜਲੇ ਸੂਤਰ ਨੇ ਦੱਸਿਆ ਕਿ ਇਸ ਵਿਚ ਹਿੱਤਾਂ ਦੇ ਟਕਰਾਅ ਦਾ ਕੋਈ ਵੀ ਮਸਲਾ ਨਹੀਂ ਹੈ।