ਦੱਖਣੀ ਅਫਰੀਕਾ ਦੌਰੇ ''ਤੇ ਜਾਣ ਤੋਂ ਸ਼ਾਕਿਬ ਦਾ ਇਨਕਾਰ, ਬੰਗਲਾਦੇਸ਼ ਕ੍ਰਿਕਟ ਬੋਰਡ ਨਿਰਾਸ਼

03/08/2022 3:32:49 PM

ਨਵੀਂ ਦਿੱਲੀ (ਭਾਸ਼ਾ)- ਸ਼ਾਕਿਬ ਅਲ ਹਸਨ ਦੇ ਦੱਖਣੀ ਅਫਰੀਕਾ ਦੌਰੇ ਤੋਂ ਇਨਕਾਰ ਕਰਨ ਕਾਰਨ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਰਾਸ਼ਟਰੀ ਟੀਮ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ 'ਤੇ ਸਵਾਲ ਚੁੱਕੇ ਹਨ ਅਤੇ ਬੀ.ਸੀ.ਬੀ. ਦੇ ਪ੍ਰਧਾਨ ਨਜ਼ਮੁਲ ਹਸਨ ਨੇ ਕਿਹਾ ਕਿ ਜੇਕਰ ਆਈ.ਪੀ.ਐੱਲ. ਟੀਮ ਉਨ੍ਹਾਂ ਨੂੰ ਚੁਣਦੀ ਹੈ ਤਾਂ ਕੀ ਉਹ ਇਸੇ ਤਰ੍ਹਾਂ ਬ੍ਰੇਕ ਲੈਂਦੇ?

ਸ਼ਾਕਿਬ ਨੇ ਆਈ.ਪੀ.ਐੱਲ. ਲਈ ਉਪਲਬਧ ਹੋਣ ਲਈ ਦੱਖਣੀ ਅਫਰੀਕਾ ਦੇ ਖ਼ਿਲਾਫ਼ ਟੈਸਟ ਸੀਰੀਜ਼ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੂੰ ਆਈ.ਪੀ.ਐੱਲ. ਦੀ ਮੇਗਾ ਨਿਲਾਮੀ ਵਿਚ ਕਿਸੇ ਟੀਮ ਨੇ ਨਹੀਂ ਖਰੀਦਿਆ। ਹੁਣ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ਦਾ ਹਵਾਲਾ ਦਿੰਦੇ ਹੋਏ ਦੌਰੇ ਤੋਂ ਬਾਹਰ ਰਹਿਣ ਦੀ ਇੱਛਾ ਜ਼ਾਹਰ ਕੀਤੀ ਹੈ। ਪਿਛਲੇ ਹਫ਼ਤੇ ਇਸੇ ਮਹੀਨੇ ਦੇ ਅੰਤ ਵਿਚ ਸ਼ੁਰੂ ਹੋਣ ਵਾਲੇ ਦੱਖਣੀ ਅਫਰੀਕਾ ਦੌਰੇ ਲਈ ਉਨ੍ਹਾਂ ਨੂੰ ਬੰਗਲਾਦੇਸ਼ ਦੀ ਇੱਕ ਰੋਜ਼ਾ ਅਤੇ ਟੈਸਟ ਟੀਮ ਵਿਚ ਚੁਣਿਆ ਗਿਆ ਸੀ।

ਹਸਨ ਨੇ ਕ੍ਰਿਕਇੰਫੋ ਨੂੰ ਦੱਸਿਆ, 'ਇਹ ਸੋਚਣਾ ਕਾਫ਼ੀ ਤਰਕਸੰਗਤ ਹੈ ਕਿ ਜੇਕਰ ਉਸ ਦੀ ਮਾਨਸਿਕ ਅਤੇ ਸਰੀਰਕ ਹਾਲਤ ਖ਼ਰਾਬ ਹੁੰਦੀ, ਤਾਂ ਉਹ ਆਈ.ਪੀ.ਐੱਲ. ਨਿਲਾਮੀ ਲਈ ਆਪਣਾ ਨਾਮ ਨਹੀਂ ਦਿੰਦਾ ਪਰ ਉਸ ਨੇ ਆਪਣਾ ਨਾਮ ਦਿੱਤਾ। ਕੀ ਇਸ ਦਾ ਮਤਲਬ ਇਹ ਹੈ ਕਿ ਜੇਕਰ ਉਹ ਆਈ.ਪੀ.ਐੱਲ. ਵਿਚ ਚੁਣੇ ਗਏ ਤਾਂ ਵੀ ਉਹ ਇਹੀ ਕਹਿੰਦੇ? ਜੇਕਰ ਉਹ ਬੰਗਲਾਦੇਸ਼ ਲਈ ਨਹੀਂ ਖੇਡਣਾ ਚਾਹੁੰਦਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ।' ਉਨ੍ਹਾਂ ਕਿਹਾ, 'ਪਰ ਉਹ ਲਗਾਤਾਰ ਇਹ ਨਹੀਂ ਕਹਿ ਸਕਦਾ ਕਿ ਮੈਂ ਖੇਡਣਾ ਚਾਹੁੰਦਾ ਹਾਂ ਜਾਂ ਮੈਂ ਨਹੀਂ ਖੇਡਣਾ ਚਾਹੁੰਦਾ। ਅਸੀਂ ਜਿਨ੍ਹਾਂ ਨਾਲ ਪਿਆਰ ਕਰਦੇ ਹਾਂ, ਉਨ੍ਹਾਂ ਨਾਲ ਨਰਮੀ ਵਰਤਦੇ ਹਾਂ ਪਰ ਉਨ੍ਹਾਂ ਨੂੰ ਵੀ ਪੇਸ਼ੇਵਰ ਹੋਣਾ ਹੋਵੇਗਾ। ਨਹੀਂ ਤਾਂ ਸਾਨੂੰ ਅਜਿਹੇ ਫੈਸਲੇ ਲੈਣੇ ਪੈਣਗੇ ਜੋ ਕਿਸੇ ਨੂੰ ਪਸੰਦ ਨਹੀਂ ਆਉਣਗੇ।'


cherry

Content Editor

Related News