ਬਾਯਰਨ ਮਯੂਨਿਖ ਨੇ 6ਵੀਂ ਵਾਰ ਜਿੱਤਿਆ ਚੈਂਪੀਅਨਸ ਲੀਗ ਖਿਤਾਬ
Monday, Aug 24, 2020 - 08:59 PM (IST)
ਲਿਸਬਨ- ਬਾਯਰਨ ਮਯੂਨਿਖ ਨੇ ਚੈਂਪੀਅਨਸ ਲੀਗ ਦਾ ਇਕ ਵਾਰ ਫਿਰ ਫੁੱਟਬਾਲ ਲੀਗ ਦਾ ਖਿਤਾਬ ਜਿੱਤ ਲਿਆ ਹੈ। ਐਤਵਾਰ ਰਾਤ ਨੂੰ ਬਾਯਰਨ ਨੇ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੂੰ 1-0 ਨਾਲ ਹਰਾ ਕੇ ਇਹ ਖਿਤਾਬ ਜਿੱਤਿਆ। ਇਸ ਤਰ੍ਹਾਂ ਬਾਯਰਨ 6ਵੀਂ ਵਾਰ ਯੂਰਪ ਦਾ ਸਭ ਤੋਂ ਬਿਹਤਰੀਨ ਕਲੱਬ ਬਣਿਆ ਹੈ। ਫਾਈਨਲ ਮੈਚ 'ਚ ਜਰਮਨੀ ਤੇ ਫਰਾਂਸ ਦੇ ਦੋਵੇਂ ਕਲੱਬ ਨੂੰ ਗੋਲ ਕਰਨ ਦਾ ਮੌਕਾ ਮਿਲਿਆ। ਹਾਲਾਂਕਿ, ਮੈਚ ਦੇ 59ਵੇਂ ਮਿੰਟ 'ਚ ਇਕਲੌਤਾ ਗੋਲ ਬਾਯਰਨ ਮਯੂਨਿਖ ਨੇ ਹੀ ਕੀਤਾ। ਕਿੰਗਸਲੇ ਕਾਮਨ ਨੇ ਹੈਡਰ ਨਾਲ ਗੋਲ ਕਰ ਜਰਮਨੀ ਦੇ ਚੈਂਪੀਅਨ ਕਲੱਬ ਨੂੰ ਜਿੱਤ ਦਿਵਾਈ। ਦੱਸ ਦੇਈਏ ਕਿ ਚੈਂਪੀਅਨਸ ਲੀਗ ਫਾਈਨਲ 'ਚ ਫਰਾਂਸ ਦੀ ਟੀਮ ਪੀ. ਐੱਸ. ਜੀ. ਵਿਰੁੱਧ ਗੋਲ ਕਰਨ ਵਾਲੇ ਕਿੰਗਸਲੇ ਕਾਮਨ ਫਰਾਂਸ ਦੇ ਹੀ ਫੁੱਟਬਾਲਰ ਹਨ। ਕਲੱਬ ਫੁੱਟਬਾਲ 'ਚ ਉਹ ਜਰਮਨੀ 'ਚ ਖੇਡਦੇ ਹਨ। ਇਸ ਤੋਂ ਪਹਿਲਾਂ ਪੀ. ਐੱਸ. ਜੀ. 'ਚ ਵੀ 24 ਸਾਲ ਦੇ ਕਿੰਗਸਲੇ ਕਾਮਨ ਖੇਡ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਪੀ. ਐੱਸ. ਜੀ. ਦੀ ਟੀਮ ਨੇ ਪਹਿਲੀ ਵਾਰ ਚੈਂਪੀਅਨਸ ਲੀਗ 'ਚ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ। ਹਾਲਾਂਕਿ ਨੇਮਾਰ ਅਤੇ ਕਿਲੀਆ ਐਮਬਾਪੇ ਵਰਗੇ ਖਿਡਾਰੀਆਂ ਦੀ ਮੌਜੂਦਗੀ 'ਚ ਵੀ ਉਹ ਗੋਲ ਨਹੀਂ ਕਰ ਸਕੀ। ਪੀ. ਐੱਸ. ਜੀ. ਪਿਛਲੇ ਕੁਝ ਸਾਲਾਂ ਤੋਂ ਯੂਰਪ 'ਚ ਸਭ ਤੋਂ ਮਹਿੰਗੀ ਟੀਮਾਂ 'ਚੋਂ ਇਕ ਰਹੀ ਹੈ। ਹਾਲਾਂਕਿ ਚੈਂਪੀਅਨ ਲੀਗ ਫਾਈਨਲ 'ਚ ਬਾਯਰਨ ਮਯੂਨਿਖ ਨੂੰ 6ਵੀਂ ਵਾਰ ਖਿਤਾਬ ਜਿੱਤਣ ਤੋਂ ਉਹ ਨਹੀਂ ਰੋਕ ਸਕੀ। ਇਹ ਵੀ ਦੱਸ ਦੇਈਏ ਕਿ ਇਸ ਸੀਜ਼ਨ 'ਚ ਬਾਯਰਨ ਮਯੂਨਿਖ ਦੀ ਟੀਮ ਨੇ ਹੁਣ ਤਕ ਇਕ ਵੀ ਮੁਕਾਬਲਾ ਨਹੀਂ ਹਾਰਿਆ ਹੈ।