ਪਾਕਿ ਵਿਰੁੱਧ ਘਰੇਲੂ ਟੀ20 ਸੀਰੀਜ਼ ''ਚੋਂ ਬਾਹਰ ਹੋਇਆ ਦੱ. ਅਫਰੀਕਾ ਦਾ ਵਨ ਡੇ ਕਪਤਾਨ

Friday, Apr 09, 2021 - 07:56 PM (IST)

ਜੋਹਾਨਸਬਰਗ– ਦੱਖਣੀ ਅਫਰੀਕੀ ਵਨ ਡੇ ਟੀਮ ਦਾ ਕਪਤਾਨ ਤੇਂਬਾ ਬਾਵੂਮਾ ਮਾਸਪੇਸ਼ੀਆ 'ਚ ਖਿਚਾਅ ਤੋਂ ਬਾਅਦ ਠੀਕ ਨਾ ਹੋਣ ਕਾਰਨ ਪਾਕਿਸਤਾਨ ਵਿਰੁੱਧ ਆਗਾਮੀ 4 ਮੈਚਾਂ ਦੀ ਘਰੇਲੂ ਟੀ-20 ਸੀਰੀਜ਼ 'ਚੋਂ ਬਾਹਰ ਹੋ ਗਿਆ ਹੈ। ਅਜਿਹੇ ਵਿਚ ਹੁਣ ਵਿਕਟਕੀਪਰ ਬੱਲੇਬਾਜ਼ ਹੈਨਰਿਕ ਕਲਾਸੇਨ ਟੀਮ ਦੀ ਕਮਾਨ ਸੰਭਾਲੇਗਾ। ਬਾਵੂਮਾ ਨੂੰ ਇੱਥੇ ਪਿਛਲੇ ਬੁੱਧਵਾਰ ਨੂੰ ਸੈਂਚੂਰੀਅਨ ਵਿਚ ਖੇਡੇ ਗਏ ਤੀਜੇ ਵਨ ਡੇ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਸੱਟ ਲੱਗ ਗਈ ਸੀ। ਉਸ ਤੋਂ ਇਲਾਵਾ ਟੀਮ ਦੇ ਤਜਰਬੇਕਾਰ ਬੱਲੇਬਾਜ਼ ਰੈਸੀ ਵਾਨ ਡੇਰ ਡੂਸੇਨ ਤੇ ਹੋਰ ਕਈ ਖਿਡਾਰੀ ਸੱਟਾਂ ਨਾਲ ਜੂਝ ਰਹੇ ਹਨ। ਰੈਸੀ ਵਾਨ ਡੇਰ ਡੂਸੇਨ ਦੀ ਖੱਬੀ ਲੱਤ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆਇਆ ਹੈ, ਹਾਲਾਂਕਿ ਚੋਣਕਾਰਾਂ ਨੇ ਉਸਦਾ ਨਾਂ ਟੀ-20 ਵਿਚ ਰੱਖਿਆ ਹੈ। ਦੱਖਣੀ ਅਫਰੀਕਾ ਦੇ ਕੋਚ ਮਾਰਕ ਬਾਊਚਰ ਨੇ ਵਨ ਡੇ ਸੀਰੀਜ਼ ਤੋਂ ਬਾਅਦ ਕਿਹਾ,‘‘ਮੈਂ ਪਾਗਲ ਸੀ ਜਿਹੜਾ ਰੈਸੀ ਵਾਨ ਡੇਰ ਡੂਸੇਨ ’ਤੇ ਇਸ ਟੀ-20 ਵਿਚ ਖੇਡਣ ਦੀ ਕੋਸ਼ਿਸ਼ ਕਰਨ ਦਾ ਜ਼ੋਰ ਦੇ ਰਿਹਾ ਸੀ। ਹਾਲਾਂਕਿ ਉਹ ਅਜੇ ਵੀ ਟੀਮ ਵਿਚ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਇਕ ਚਮਤਕਾਰ ਨਾਲ ਜਲਦ ਠੀਕ ਹੋ ਜਾਵੇ ਪਰ ਉਸਦੇ ਖੇਡਣ ਦੀ ਸੰਭਾਵਨਾ ਘੱਟ ਹੈ।’’
ਉਥੇ ਹੀ ਡਵੇਨ ਪ੍ਰਿਟੋਰੀਅਸ ਆਪਣੇ ਫ੍ਰੈਕਚਰ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਫਿਲਹਾਲ ਉਸ ਨੂੰ ਟੀ-20 ਸੀਰੀਜ਼ ਵਿਚ ਖੇਡਣ ਦੇ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਚੋਣਕਾਰਾਂ ਨੇ ਐਡਨ ਮਾਰਕ੍ਰਮ, ਆਂਦਿਲੇ ਫੇਲਕਵਾਊ, ਡੇਰਿਨ ਡੂਪਾਵਿਲੋਨ ਤੇ ਵਿਆਨ ਮੁਲਡਰ ਨੂੰ ਰਿਟੇਨ ਕਰਨ ਦਾ ਫੈਸਲਾ ਕੀਤਾ ਹੈ ਜਦਕਿ ਰੀਜਾ ਹੈਂਡ੍ਰਿਕਸ ਨੂੰ ਉਸਦੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਲੜੀ 'ਚੋਂ ਬਾਹਰ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਖਣੀ ਅਫਰੀਕਾ ਲਈ ਚਾਰ ਟੀ-20 ਮੁਕਾਬਲੇ ਖੇਡ ਚੁੱਕਾ ਕਾਇਲ ਵੇਰਿਨ ਵੀ 18 ਮੈਂਬਰੀ ਟੀਮ ਦਾ ਹਿੱਸਾ ਹੈ। ਉਸ ਤੋਂ ਇਲਾਵਾ ਟੀਮ ਵਿਚ ਤਿੰਨ ਅਨਕੈਪਡ ਤੇਜ਼ ਗੇਂਦਬਾਜ਼ ਸਿਸੰਡਾ ਮਾਗਲਾ, ਮਿਗੇਲ ਪ੍ਰਿਟੋਰੀਅਸ, ਲਿਜਾਦ ਵਿਲੀਅਮਸ ਤੇ ਆਫ ਸਪਿਨਰ ਵਿਹਾਨ ਲੂਬੇ ਸ਼ਾਮਲ ਹਨ। ਦੱਖਣੀ ਅਫਰੀਕਾ ਸ਼ੁਰੂਆਤੀ ਦੋ ਟੀ-20 ਮੁਕਾਬਲੇ ਇੱਥੇ 10 ਤੇ 12 ਅਪ੍ਰੈਲ ਨੂੰ ਖੇਡੇਗੀ ਜਦਕਿ ਆਖਰੀ ਦੋ ਮੁਕਾਬਲੇ 14 ਤੇ 16 ਅਪ੍ਰੈਲ ਨੂੰ ਸੈਂਚੂਰੀਅਨ ਵਿਚ ਖੇਡੇ ਜਾਣਗੇ।
ਦੱਖਣੀ ਅਫਰੀਕਾ ਦੀ ਟੀ-20 ਟੀਮ :-
ਹੈਨਰਿਕ ਕਲਾਸੇਨ (ਕਪਤਾਨ), ਜੋਰਨ ਫਾਰਚਿਊਨ, ਐਡਨ ਮਾਰਕ੍ਰਮ, ਆਂਦਿਲੇ ਫੇਲਕਵਾਓ, ਬਿਊਰਨ ਹੈਂਡ੍ਰਿਕਸ, ਡਿਓਰਜ ਲਿੰਡੇ, ਰੈਸੀ ਵਾਨ ਡੇਰ ਡੂਸੇਨ, ਜੇ. ਮਲਾਨ, ਸਿਸੰਡਾ ਮਾਗਲਾ, ਵਿਆਨ ਮੂਲਡਰ, ਤਬਰੇਜ ਸ਼ੰਮਸੀ, ਲੂਥੋ ਸਿਪਾਂਲਾ, ਕਾਇਲ ਵੇਰਿਨ, ਪਿਤੇ ਵਾਨ ਬਿਲਜੋਨ, ਡੇਰਿਨ ਡੂਪਾਵਿਲੋਨ, ਮਿਗੇਲ ਪ੍ਰਿਟੋਰੀਅਸ, ਲਿਜਾਦ ਵਿਲੀਅਮਸ, ਵਿਹਾਨ ਲੂਬੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News