BAN vs ZIM : ਜ਼ਿੰਬਾਬਵੇ ਵਿਰੁੱਧ ਬੰਗਲਾਦੇਸ਼ ਦਾ ਪੱਲੜਾ ਭਾਰੀ
Wednesday, Nov 14, 2018 - 12:12 AM (IST)

ਢਾਕਾ— ਖੱਬੇ ਹੱਥ ਦੇ ਸਪਿਨਰ ਤਾਈਜ਼ੁਲ ਇਸਲਾਮ ਨੇ ਮੰਗਲਵਾਰ ਨੂੰ ਲਗਾਤਾਰ ਤੀਜੀ ਪਾਰੀ ਵਿਚ 5 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਬੰਗਲਾਦੇਸ਼ ਨੇ ਬ੍ਰੈਂਡਨ ਟੇਲਰ (110) ਦੇ ਸੈਂਕੜੇ ਦੇ ਬਾਵਜੂਦ ਇੱਥੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਜ਼ਿੰਬਾਬਵੇ ਵਿਰੁੱਧ ਆਪਣਾ ਪਲੜਾ ਭਾਰੀ ਰੱਖਿਆ। ਬੰਗਲਾਦੇਸ਼ ਨੇ ਪਹਿਲੀ ਪਾਰੀ 7 ਵਿਕਟਾਂ 'ਤੇ 522 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ, ਜਿਸ ਦੇ ਜਵਾਬ ਵਿਚ ਜ਼ਿੰਬਾਬਵੇ ਦੀ ਟੀਮ 304 ਦੌੜਾਂ ਹੀ ਬਣਾ ਸਕੀ ਅਤੇ ਮੇਜ਼ਬਾਨ ਟੀਮ ਨੇ 218 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਜ਼ਿੰਬਾਬਵੇ ਨੂੰ 7 ਸਾਲਾਂ ਵਿਚ ਪਹਿਲੀ ਟੈਸਟ ਲੜੀ ਜਿੱਤਣ ਲਈ ਇਸ ਟੈਸਟ ਨੂੰ ਸਿਰਫ ਡਰਾਅ ਕਰਾਉਣ ਦੀ ਲੋੜ ਹੈ। ਜ਼ਿੰਬਾਬਵੇ ਨੇ ਸਿਲਹਟ ਵਿਚ ਪਹਿਲਾ ਟੈਸਟ 151 ਦੌੜਾਂ ਨਾਲ ਜਿੱਤਿਆ ਸੀ, ਜਿਹੜੀ ਵਿਦੇਸ਼ੀ ਧਰਤੀ 'ਤੇ ਲਗਭਗ ਦੋ ਦਹਾਕੇ ਵਿਚ ਉਸਦੀ ਪਹਿਲੀ ਜਿੱਤ ਸੀ।