ਬਠਿੰਡਾ ਦੇ ਪਿੰਡ ਦੀ ਪੰਚਾਇਤ ਦਾ ਸਖ਼ਤ ਫ਼ੈਸਲਾ, ਪਤੰਗਬਾਜ਼ੀ ਕੀਤੀ ਪੂਰੀ ਤਰ੍ਹਾਂ BAN
Wednesday, Jan 28, 2026 - 04:38 PM (IST)
ਬਠਿੰਡਾ (ਵਿਜੈ ਵਰਮਾ) : ਬਲਾਕ ਰਾਮਪੁਰਾ ਦੇ ਪਿੰਡ ਭੈਣੀ ਚੂਹੜ ਦੀ ਗ੍ਰਾਮ ਪੰਚਾਇਤ ਨੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਪਤੰਗਬਾਜ਼ੀ ਖ਼ਿਲਾਫ਼ ਵੱਡਾ ਅਤੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਪੰਚਾਇਤ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪਿੰਡ ਦੀ ਹੱਦ ਅੰਦਰ ਪਤੰਗ ਉਡਾਉਣ ਅਤੇ ਦੁਕਾਨਾਂ ‘ਤੇ ਪਤੰਗਾਂ ਸਮੇਤ ਚਾਈਨਾ ਡੋਰ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪਾਸ ਕੀਤੇ ਮਤੇ 'ਚ ਸਾਫ਼ ਤੌਰ ‘ਤੇ ਦਰਜ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਇਸ ਹੁਕਮ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਪੰਚਾਇਤ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫ਼ੈਸਲੇ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਸਹਿਯੋਗ ਕਰਨ ਤਾਂ ਜੋ ਅਕਸਰ ਵਾਪਰਦੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਮੋਹਾਲੀ 'ਚ ਦਿਨ-ਦਿਹਾੜੇ ਬੰਦੇ ਦਾ ਗੋਲੀਆਂ ਮਾਰ ਕੇ ਕਤਲ, SSP ਦਫ਼ਤਰ ਦੇ ਬਾਹਰ ਵਾਪਰੀ ਵਾਰਦਾਤ
ਇਸ ਮੌਕੇ ਸਰਪੰਚ ਮਿੱਠਾ ਸਿੰਘ ਨੇ ਕਿਹਾ ਕਿ ਪਤੰਗ ਉਡਾਉਣ ਦੌਰਾਨ ਖ਼ਾਸ ਕਰਕੇ ਚਾਈਨਾ ਡੋਰ ਕਾਰਨ ਕਈ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਚੁੱਕੇ ਹਨ ਅਤੇ ਕਈ ਵਾਰ ਜਾਨੀ ਨੁਕਸਾਨ ਦੀਆਂ ਦਰਦਨਾਕ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੀ ਗੈਰ-ਕਾਨੂੰਨੀ ਵਿਕਰੀ ਲੋਕਾਂ ਲਈ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ, ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੋ ਗਿਆ ਸੀ। ਸਰਪੰਚ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਚਾਈਨਾ ਡੋਰ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ 'ਚ ਨਾਕਾਮੀ ਰਿਹਾ ਹੈ, ਜਿਸ ਕਾਰਨ ਪਿੰਡ ਪੱਧਰ ‘ਤੇ ਹੀ ਇਹ ਸਖ਼ਤ ਫ਼ੈਸਲਾ ਲੈਣਾ ਪਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਚਾਇਤ ਦਾ ਮਕਸਦ ਕਿਸੇ ਦੀ ਖੁਸ਼ੀ ‘ਤੇ ਰੋਕ ਲਗਾਉਣਾ ਨਹੀਂ, ਸਗੋਂ ਪਿੰਡ ਵਾਸੀਆਂ ਖ਼ਾਸ ਕਰਕੇ ਬੱਚਿਆਂ, ਪਸ਼ੂਆਂ ਅਤੇ ਪੰਛੀਆਂ ਦੀ ਜਾਨ ਬਚਾਉਣਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਾਮੀ 5 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਕੀਤੀ ਗਈ ਛੁੱਟੀ
ਪੰਚਾਇਤ ਮੈਂਬਰਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦੀ ਪਾਲਣਾ ਕਰਦੇ ਹੋਏ ਪਤੰਗਬਾਜ਼ੀ ਤੋਂ ਪਰਹੇਜ਼ ਕਰਨ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਪਿੰਡ ਨੂੰ ਹਾਦਸਾ-ਮੁਕਤ ਅਤੇ ਸੁਰੱਖਿਅਤ ਬਣਾਇਆ ਜਾ ਸਕੇ। ਇਸ ਮੌਕੇ ਸੁਖਪ੍ਰੀਤ ਸਿੰਘ ਸੁੱਖੀ, ਜਗਸੀਰ ਸਿੰਘ ਡੇਅਰੀ ਵਾਲਾ, ਮਨਮਿੰਦਰ ਸਿੰਘ, ਜਸਵਿੰਦਰ ਸਿੰਘ ਨੰਬਰਦਾਰ, ਹਰਜਿੰਦਰ ਸਿੰਘ, ਯਮਲਾ ਸਿੰਘ ਪੰਚ, ਬੂਟਾ ਸਿੰਘ ਪੰਚ, ਭੋਲੂ ਸਿੰਘ ਪੰਚ, ਅੰਗਰੇਜ਼ ਸਿੰਘ ਪੰਚ, ਬਾਬੂ ਸਿੰਘ ਪੰਚ, ਰਣਜੀਤ ਕੌਰ ਪੰਚ, ਕੁਲਦੀਪ ਸਿੰਘ ਪੰਚ, ਰਾਜੂ ਸਿੰਘ, ਭਿੰਦਰ ਸਿੰਘ, ਲੱਖਾ ਸਿੰਘ, ਬਿੱਕਰ ਸਿੰਘ ਅਤੇ ਅਵਤਾਰ ਸਿੰਘ ਸੂਬੇਦਾਰ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
