ਪਹਿਲਵਾਨ ਬਜਰੰਗ ਪੂਨੀਆ ਦਾ ਦਾਅਵਾ ਮਜ਼ਬੂਤ, ਖੁਸ ਨਾ ਜਾਵੇ ਕੋਹਲੀ ਤੋਂ ''ਖੇਡ ਰਤਨ''
Friday, Sep 21, 2018 - 04:34 PM (IST)

ਜਲੰਧਰ—ਰਾਜੀਵ ਗਾਂਧੀ ਖੇਡ ਰਤਨ ਲਈ ਇਸ ਸਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਵੇਟ ਲਿਫਟਰ ਮੀਰਾਬਾਈ ਚਾਨੂ ਚੁਣੇ ਹੋਏ ਹਨ। ਪਰ ਇਸ ਵਿਚਕਾਰ ਕਾਮਨਵੇਲਥ ਤੋਂ ਬਾਅਦ ਏਸ਼ੀਆਈ ਖੇਡਾਂ ਦੀ ਰੈਸਲਿੰਗ ਮੁਕਾਬਲੇ 'ਚ ਭਾਰਤ ਨੂੰ ਸੋਨ ਤਮਗਾ ਜਿਤਾਉਣ ਵਾਲੇ ਬਜਰੰਗ ਪੂਨੀਆ ਨਾਰਾਜ਼ ਹੋ ਗਏ ਹਨ। ਬਜਰੰਗ ਨੇ ਖੇਡ ਰਤਨ 'ਤੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਬਜਰੰਗ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਉਪਲਬਧੀਆਂ ਬਾਕੀ ਖਿਡਾਰੀਆਂ ਤੋਂ ਜ਼ਿਆਦਾ ਹਨ, ਅਜਿਹੇ 'ਚ ਉਨ੍ਹਾਂ ਨੂੰ ਇਹ ਅਵਾਰਡ ਮਿਲਣਾ ਚਾਹੀਦਾ ਹੈ। ਬਜਰੰਗ ਦਾ ਇਹ ਦਾਅਵਾ ਉਦੋਂ ਹੋਰ ਮਜ਼ਬੂਤ ਹੋ ਜਾਂਦਾ ਜਦੋਂ ਅਸੀਂ ਇਸ ਅਵਾਰਡ ਲਈ ਜ਼ਰੂਰੀ ਨਿਯਮ ਅਤੇ ਸ਼ਰਤਾਂ 'ਤੇ ਧਿਆਨ ਦਿੰਦੇ ਹਾਂ। ਦਰਅਸਲ, ਰਾਸ਼ਟਰੀ ਅਵਾਰਡ ਲਈ ਹਰ ਖਿਡਾਰੀ ਨੂੰ ਵਿਭਿੰਨ ਵੱਡੀਆਂ ਖੇਡਾਂ 'ਚ ਪ੍ਰਦਰਸ਼ਨ ਦੇ ਹਿਸਾਬ ਨਾਲ ਰੇਟਿੰਗ ਪੁਆਇੰਟ ਮਿਲਦੇ ਹਨ। ਜੇਕਰ ਇਹ ਰੇਟਿੰਗ ਪੁਆਇੰਟ ਇਕ ਨਿਸ਼ਚਿਤ ਅੰਕੜੇ ਨੂੰ ਪਾਰ ਕਰ ਜਾਂਦੇ ਹਨ ਤਾਂ ਉਕਤ ਖਿਡਾਰੀਆਂ ਨੂੰ ਰੇਟਿੰਗ ਅਨੁਸਾਰ ਸਨਮਾਨ ਮਿਲਦਾ ਹੈ। ਬਜਰੰਗ ਦੇ ਇਸ ਮਾਮਲੇ 'ਚ 80 ਪੁਆਇੰਟ ਸਨ, ਯਾਨੀ ਸਭ ਤੋਂ ਜ਼ਿਆਦਾ।
-ਕੋਹਲੀ ਜ਼ੀਰੋ ਪੁਆਇੰਟ ਨੇ ਫਿਰ ਵੀ ਮਿਲ ਰਿਹਾ ਖੇਡ ਰਤਨ
ਕੋਹਲੀ ਨੂੰ ਖੇਡ ਰਤਨ ਮਿਲਣ 'ਤੇ ਸਭ ਤੋਂ ਵੱਡਾ ਸਵਾਲ ਇਸ ਲਈ ਉਠ ਰਿਹਾ ਹੈ ਕਿਉਂਕਿ ਕੋਹਲੀ ਜਿਸ ਖੇਡ ਤੋਂ ਯਾਨੀ ਕ੍ਰਿਕਟ ਤੋਂ ਆਉਂਦੇ ਹਨ, ਉਸ 'ਚ ਅਵਾਰਡ ਆਦਿ ਲਈ ਕੋਈ ਪੁਆਇੰਟ ਸਿਸਟਮ ਲਾਗੂ ਨਹੀਂ ਹੈ। ਕ੍ਰਿਕਟ ਬੋਰਡ ਖੇਡ ਮੰਤਰਾਲੇ ਨਾਲ ਆਪਸੀ ਸਹਿਮਤੀ ਨਾਲ ਕਿਸੇ ਖਿਡਾਰੀ ਨੂੰ ਇਸ ਅਵਾਰਡ ਲਈ ਚੁਣਦਾ ਹੈ। ਅਜਿਹੇ 'ਚ ਜੇਕਰ ਦੇਖਿਆ ਜਾਵੇ ਤਾਂ ਕ੍ਰਿਕਟ 'ਚ ਇਸ ਅਵਾਰਡ ਲਈ ਕੋਈ ਕ੍ਰਾਈਟੇਰੀਆ ਨਹੀਂ ਹੈ ਜਿਸ 'ਚ ਕੋਹਲੀ ਨੇ ਆਪਣੀ ਪੁਆਇੰਟ ਰੇਟਿੰਗ ਬਣਾਈ ਹੋਵੇ। ਹੁਣ ਜੇਕਰ ਇਹ ਮਾਮਲਾ ਬਜਰੰਗ ਦੇ ਗੁੱਸੇ ਤੋਂ ਬਾਅਦ ਅਦਾਲਤ 'ਚ ਚੱਲਾ ਗਿਆ ਤਾਂ ਯਕੀਨਨ ਜੱਜ ਆਪਸੀ ਸਹਿਮਤੀ ਦੀ ਵਜਾਏ ਅਵਾਰਡ ਦੇ ਲਈ ਤੈਅ ਨਿਯਮਾਂ ਨੂੰ ਹੀ ਪਹਿਲ ਦੇਣਗੇ। ਜੇਕਰ ਅਜਿਹਾ ਹੋ ਗਿਆ ਤਾਂ ਕੋਹਲੀ ਨੂੰ ਇਹ ਅਵਾਰਡ ਨਾ ਮਿਲਣਾ ਤੈਅ ਹੈ।
-ਵਿਨੇਸ਼ ਫੋਗਾਟ, ਦੀਪਾ ਮਲਿਕ, ਮਨਿਕਾ ਬੱਤਰਾ ਦਾ ਵੀ ਦਾਅਵਾ ਮਜ਼ਬੂਤ
ਜੇਕਰ ਅਵਾਰਡ ਲਈ ਨਿਧਾਰਿਤ ਪੁਆਇੰਟ ਸਿਸਟਮ ਨੂੰ ਫੋਲੋ ਕਰੀਏ ਤਾਂ ਬਜਰੰਗ ਦੇ ਨਾਲ ਰੈਸਲਰ ਵਿਨੇਸ਼ ਫੋਗਾਟ ਅਤੇ ਪੈਰਾ-ਐਥਲੀਟ ਦੀਪਾ ਮਲਿਕ ਵੀ ਇਸ ਅਵਾਰਡ ਲਈ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਵਿਨੇਸ਼ ਦੇ 80 ਤੇ ਦੀਪਾ ਦੇ ਨਾਂ 78.4 ਪੁਆਇੰਟ ਦਰਜ ਹਨ। ਇਸੇ ਤਰ੍ਹਾਂ ਟੈਬਲ ਟੈਨਿਸ ਪਲੇਅਰ ਮਨਿਕਾ ਬੱਤਰਾ 65, ਬਾਕਸਰ ਅਭਿਸ਼ੇਕ ਵਰਮਾ 55.3 ਤੇ ਵਿਕਾਸ ਕ੍ਰਿਸ਼ਨ ਵੀ 52 ਪੁਆਇੰਟ ਬਣਾ ਕੇ ਬੈਠੇ ਹਨ। ਖੇਡ ਰਤਨ ਅਵਾਰਡ ਲਈ ਮੀਰਾ ਬਾਈ ਚਾਨੂ ਦੇ ਨਾਂ ਵੀ 44 ਪੁਆਇੰਟ ਹਨ। ਜੇਕਰ ਮੀਰਾਬਾਈ ਨੂੰ 44 ਪੁਆਇੰਟ 'ਤੇ ਵੀ ਅਵਾਰਡ ਮਿਲ ਸਕਦਾ ਹੈ ਤਾਂ ਇਸ ਮਤਲਬ ਹੈ ਕਿ ਬਜਰੰਗ, ਵਿਨੇਸ਼ ਫੋਗਾਟ, ਮਨਿਕਾ ਬੱਤਰਾ, ਅਭਿਸ਼ੇਕ ਅਤੇ ਵਿਕਾਸ ਦਾ ਦਾਅਵਾ ਵੀ ਇਸ ਅਵਾਰਡ ਲਈ ਸਹੀ ਹੈ।