ENG vs PAK : ਬਾਬਰ ਆਜ਼ਮ ਨੇ ਟੀ-20 ''ਚ ਹਾਸਲ ਕੀਤੀ ਇਹ ਉਪਲੱਬਧੀ
Monday, Aug 31, 2020 - 01:30 AM (IST)
ਨਵੀਂ ਦਿੱਲੀ- ਬਾਬਰ ਆਜ਼ਮ ਨੇ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ 'ਚ ਜ਼ਿਆਦਾ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਸੀ ਪਰ ਉਨ੍ਹਾਂ ਨੇ ਮੇਜ਼ਬਾਨ ਟੀਮ ਵਿਰੁੱਧ ਦੂਜੇ ਟੀ-20 ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਮੇਂ ਬਾਬਰ ਆਜ਼ਮ ਟੀ-20 ਦੇ ਨੰਬਰ ਇਕ ਬੱਲੇਬਾਜ਼ ਹਨ ਉਹ ਪਾਕਿਸਤਾਨ ਟੀ-20 ਟੀਮ ਦੇ ਕਪਤਾਨ ਵੀ ਹਨ। ਉਨ੍ਹਾਂ ਨੇ ਦੂਜੇ ਟੀ-20 'ਚ ਕਪਤਾਨੀ ਪਾਰੀ ਖੇਡਦੇ ਹੋਏ ਅਰਧ ਸੈਂਕੜਾ ਲਗਾਇਆ ਤੇ ਇਕ ਵਿਸ਼ਵ ਰਿਕਾਰਡ ਦੇ ਮਾਮਲੇ 'ਚ ਵਿਰਾਟ ਕੋਹਲੀ ਤੇ ਆਰੋਨ ਫਿੰਚ ਦੀ ਬਰਾਬਰੀ ਵੀ ਕਰ ਲਈ। ਬਾਬਰ ਆਜ਼ਮ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀਆਂ 1500 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਕ੍ਰਿਕਟ ਦੇ ਸਭ ਤੋਂ ਛੋਟੇ ਸਵਰੂਪ 'ਚ ਉਹ ਸਭ ਤੋਂ ਘੱਟ ਪਾਰੀਆਂ 'ਚ 1500 ਪੂਰੀਆਂ ਕਰਨ ਵਾਲੇ ਦੁਨੀਆ ਦੇ ਤੀਜੇ ਬੱਲੇਬਾਜ਼ ਬਣੇ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਤੇ ਆਰੋਨ ਫਿੰਚ (ਆਸਟਰੇਲੀਆ) ਨੇ ਇਹ ਉਪਲੱਬਧੀ ਹਾਸਲ ਕਰ ਚੁੱਕੇ ਹਨ। ਵਿਰਾਟ ਕੋਹਲੀ ਤੇ ਆਰੋਨ ਫਿੰਚ ਨੇ ਵੀ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀਆਂ 1500 ਦੌੜਾਂ 39 ਪਾਰੀਆਂ 'ਚ ਹੀ ਪੂਰੀਆਂ ਕਰ ਲਈਆਂ ਸਨ ਤੇ ਬਾਬਰ ਆਜ਼ਮ ਨੇ ਵੀ 39 ਪਾਰੀਆਂ 'ਚ ਇਹ ਕਮਾਲ ਕੀਤਾ ਹੈ।
ਟੀ-20 'ਚ ਸਭ ਤੋਂ ਘੱਟ ਪਾਰੀਆਂ 'ਚ 1500 ਦੌੜਾਂ ਤੱਕ ਪਹੁੰਚਣ ਵਾਲੇ ਚਾਰ ਬੱਲੇਬਾਜ਼-
ਬਾਬਰ ਆਜ਼ਮ- 39 ਪਾਰੀਆਂ
ਵਿਰਾਟ ਕੋਹਲੀ- 39 ਪਾਰੀਆਂ
ਆਰੋਨ ਫਿੰਚ- 39 ਪਾਰੀਆਂ
ਕ੍ਰਿਸ ਗੇਲ - 44 ਪਾਰੀਆਂ
ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਐਤਵਾਰ ਨੂੰ ਇੱਥੇ ਵੱਡੇ ਸਕੋਰ ਵਾਲੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ। ਇੰਗਲੈਂਡ ਦੇ ਸਾਹਮਣੇ 196 ਦੌੜਾਂ ਦਾ ਟੀਚਾ ਸੀ। ਜਾਨੀ ਬੇਅਰਸਟੋ (22 ਗੇਂਦਾਂ 'ਤੇ 44 ਦੌੜਾਂ) ਨੇ ਟਾਮ ਬੈਟਨ (20) ਨਾਲ ਪਹਿਲੀ ਵਿਕਟ ਲਈ 66 ਦੌੜਾਂ ਜੋੜੀਆਂ। ਇਨ੍ਹਾਂ ਦੋਵਾਂ ਦੇ ਇਕ ਸਕੋਰ 'ਤੇ ਆਊਟ ਹੋਣ ਤੋਂ ਬਾਅਦ ਮੋਰਗਨ ਨੇ 33 ਗੇਂਦਾਂ ਵਿਚ 66 ਦੌੜਾਂ ਬਣਾਈਆਂ ਤੇ ਮਲਾਨ (ਅਜੇਤੂ 54) ਨਾਲ ਤੀਜੀ ਵਿਕਟ ਲਈ 112 ਦੌੜਾਂ ਜੋੜੀਆਂ। ਇੰਗਲੈਂਡ ਨੇ 19.1 ਓਵਰਾਂ ਵਿਚ 5 ਵਿਕਟਾਂ 'ਤੇ 199 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।