ਆਸਟਰੇਲੀਅਨ ਓਪਨ : ਦਿਵਿਜ ਤੇ ਅੰਕਿਤਾ ਵੀ ਪਹਿਲੇ ਦੌਰ ’ਚ ਹੀ ਬਾਹਰ
Thursday, Feb 11, 2021 - 11:05 PM (IST)
ਮੈਲਬੌਰਨ- ਭਾਰਤ ਦੇ ਦਿਵਿਜ ਸ਼ਰਣ ਤੇ ਅੰਕਿਤਾ ਰੈਨਾ ਵੀਰਵਾਰ ਨੂੰ ਇੱਥੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਆਪਣੇ-ਆਪਣੇ ਡਬਲਜ਼ ਮੁਕਾਬਲਿਆਂ ਦੇ ਸ਼ੁਰੂਆਤੀ ਦੌਰ ਦੇ ਮੈਚ ਹਾਰ ਗਏ। ਭਾਰਤ ਦੇ ਚੋਟੀ ਦੇ ਡਬਲਜ਼ ਖਿਡਾਰੀ ਰੋਹਨ ਬੋਪੰਨਾ ਤੇ ਸਿੰਗਲਜ਼ ਖਿਡਾਰੀ ਸੁਮਿਤ ਨਾਗਲ ਇਸ ਤੋਂ ਪਹਿਲਾਂ ਪਹਿਲੇ ਦੌਰ ਵਿਚ ਹੀ ਹਾਰ ਕੇ ਬਾਹਰ ਗਏ ਸਨ। ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਮੁੱਖ ਡਰਾਅ ਵਿਚ ਜਗ੍ਹਾ ਬਣਾਉਣ ਵਾਲੀ ਤੀਜੀ ਭਾਰਤੀ ਮਹਿਲਾ ਟੈਨਿਸ ਖਿਡਾਰੀ ਬਣੀ ਅੰਕਿਤਾ ਦਾ ਡੈਬਿਊ ਯਾਦਗਾਰ ਨਹੀਂ ਰਿਹਾ। ਅੰਕਿਤਾ ਤੇ ਰੋਮਾਨੀਆ ਦੀ ਉਸਦੀ ਸਾਥੀ ਮਿਹੇਲਾ ਬੁਜਾਰਨੇਕੂ ਨੂੰ ਬੇਲਿੰਡਾ ਵੂਲਕਾਕ ਤੇ ਓਲੀਵੀਆ ਗੇਡੇਗੀ ਦੀ ਸਥਾਨਕ ਜੋੜੀ ਤੋਂ ਸਿਰਫ ਇਕ ਘੰਟਾ ਤੇ 17 ਮਿੰਟ ਵਿਚ 3-6, 0-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਉਥੇ ਹੀ ਦਿਵਿਜ ਤੇ ਸਲੋਵਾਕੀਆ ਦੇ ਉਸਦੇ ਜੋੜੀਦਾਰ ਇਗੋਰ ਜੇਲੇਨ ਇਕ ਘੰਟਾ 4 ਮਿੰਟ ਤਕ ਚੱਲੇ ਪਹਿਲੇ ਦੌਰ ਦੇ ਮੈਚ ਵਿਚ ਜਰਮਨ ਜੋੜੀ ਯਾਨਿਕ ਹਾਂਫਮੈਨ ਤੇ ਕੇਵਿਨ ਕ੍ਰਾਵੇਟਜ ਤੋਂ 1-6, 4-6 ਨਾਲ ਹਾਰ ਗਏ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੋਹਨ ਬੋਪੰਨਾ ਤੇ ਜਾਪਾਨ ਦੇ ਉਸਦੇ ਸਾਥੀ ਬੇਨ ਮੈਕਲਾਕਲਾਨ ਵੀ ਪੁਰਸ਼ ਡਬਲਜ਼ ਪ੍ਰਤੀਯੋਗਿਤਾ ਵਿਚ ਜੀ. ਸੁੰਗ ਨਾਮ ਤੇ ਮਿਨ ਕਿਊ ਸਾਂਗ ਦੀ ਕੋਰੀਆਈ ਵਾਈਲਡ ਕਾਰਡ ਜੋੜੀ ਤੋਂ 4-6, 6-7 (0) ਤੋਂ ਹਾਰ ਜਾਣ ਤੋਂ ਬਾਅਦ ਸ਼ੁਰੂਆਤੀ ਦੌਰ ਵਿਚ ਬਾਹਰ ਹੋ ਗਿਆ ਸੀ। ਹਾਲਾਂਕਿ ਬੋਪੰਨਾ ਕੋਲ ਮਿਕਸਡ ਡਬਲਜ਼ ਪ੍ਰਤੀਯੋਗਿਤਾ ਵਿਚ ਇਕ ਮੌਕਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।