IND vs AUS: ਟੈਸਟ ਮੈਚ 'ਤੇ ਕੋਰੋਨਾ ਦਾ ਸਾਇਆ, ਖੇਡ ਮੈਦਾਨ ’ਚ ਬੈਠਾ ਇਕ ਦਰਸ਼ਕ ਨਿਕਲਿਆ ਕੋਰੋਨਾ ਪਾਜ਼ੇਟਿਵ
Wednesday, Jan 06, 2021 - 12:40 PM (IST)
ਨਵੀਂ ਦਿੱਲੀ : ਭਾਰਤ ਅਤੇ ਆਸਟਰੇਲੀਆ ਵਿਚਾਲੇ 26 ਦਸੰਬਰ ਤੋਂ 30 ਦਸੰਬਰ ਦਰਮਿਆਨ ਮੈਲਬੌਰਨ ਕ੍ਰਿਕਟ ਗਰਾਊਂਡ ਵਿਚ ਬਾਕਸਿੰਗ ਡੇਅ ਟੈਸਟ ਦਾ ਦੂਜਾ ਮੈਚ ਖੇਡਿਆ ਗਿਆ ਸੀ। ਇਸ ਟੈਸਟ ਮੈਚ ਦੌਰਾਨ ਸਟੇਡੀਅਮ ਵਿਚ ਬੈਠਾ ਇਕ ਦਰਸ਼ਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਮੈਲਬੌਰਨ ਕ੍ਰਿਕਟ ਕਲੱਬ ਤੋਂ ਮਿਲੀ ਜਾਣਕਾਰੀ ਮੁਤਾਬਕ, ਬਾਕਸਿੰਗ ਡੇਅ ਟੈਸਟ ਦੇ ਦੂਜੇ ਦਿਨ ਯਾਨੀ 27 ਦਸੰਬਰ ਨੂੰ ਮੈਚ ਦੇਖਣ ਆਇਆ ਇਕ ਦਰਸ਼ਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਅਜਿਹੇ ਵਿਚ ਉਸ ਸਟੈਂਡ ਵਿਚ ਬੈਠੇ ਸਾਰੇ ਦਰਸ਼ਕਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਸਿਡਨੀ ਕ੍ਰਿਕਟ ਗਰਾਊਂਡ ਵਿਚ ਟੈਸਟ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਨਿਊ ਸਾਊਥ ਵੇਲਸ ਦੇ ਸਿਹਤ ਮੰਤਰੀ ਨੇ ਕਿਹਾ ਕਿ ਸਿਡਨੀ ਟੈਸਟ ਮੈਚ ਦੇਖਣ ਲਈ ਜਾਣ ਵਾਲੇ ਦਰਸ਼ਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਸਿਰਫ਼ ਖਾਣ-ਪੀਣ ਦੌਰਾਨ ਹੀ ਦਰਸ਼ਕ ਮਾਸਕ ਹਟਾ ਸਕਣਗੇ। ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ’ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।
ਵੈਸਟਰਨ ਸਿਡਨੀ ਦੇ ਲੋਕ ਵੀ ਮੈਚ ਦੇਖਣ ਲਈ ਸਟੇਡੀਅਮ ਨਹੀਂ ਜਾ ਸਕਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਨਾ ਕਰਕੇ ਉਹ ਨਿੱਜੀ ਵਾਹਨ ਜਾਂ ਟੈਕਸੀ ਦਾ ਇਸਤੇਮਾਲ ਕਰਕੇ ਸਟੇਡੀਅਮ ਵਿਚ ਮੈਚ ਦੇਖਣ ਲਈ ਆਉਣ। ਸਿਡਨੀ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਿਊ ਸਾਊਥ ਵੇਲਸ ਸਰਕਾਰ ਨੇ 7 ਜਨਵਰੀ ਨੂੰ ਸਿਡਨੀ ਵਿਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਲਈ ਦਰਸ਼ਕਾਂ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਹੈ। ਤੀਜੇ ਟੈਸਟ ਵਿਚ ਸਟੇਡੀਅਮ ਦੀ ਸਮਰਥਾ ਦੇ 25 ਫ਼ੀਸਦੀ ਲੋਕਾਂ ਨੂੰ ਹੀ ਪ੍ਰਵੇਸ਼ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਬਰਾਂਡ ਅੰਬੈਸਡਰ ਰਹਿਣਗੇ ਜਾਂ ਨਹੀਂ, ਅਡਾਨੀ ਦੀ ਕੰਪਨੀ ਨੇ ਕੀਤਾ ਖ਼ੁਲਾਸਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।