ਆਸਟਰੇਲੀਆ ਨੇ ਵੈਸਟਇੰਡੀਜ਼ ਨੂੰ ਹਰਾ ਕੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ ''ਚ ਬਣਾਈ ਜਗ੍ਹਾ
Wednesday, Mar 30, 2022 - 03:58 PM (IST)
ਸਪੋਰਟਸ ਡੈਸਕ- ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਵੈਸਟਇੰਡੀਜ਼ ਨੂੰ ਆਸਾਨੀ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਵੈਲਿੰਗਟਨ 'ਚ ਖੇਡੇ ਗਏ ਇਸ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਦੀ ਟੀਮ ਨੇ ਮੀਂਹ ਨਾਲ ਪ੍ਰਭਾਵਿਤ ਮੈਚ 'ਚ 3 ਵਿਕਟਾਂ ਦੇ ਨੁਕਸਾਨ 'ਤੇ 45 ਓਵਰਾਂ 'ਚ 303 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਵੈਸਟਇੰਡੀਜ਼ ਦੀ ਟੀਮ ਡਾਵਾਂਡੋਲ ਹੋ ਗਈ ਅਤੇ 37 ਓਵਰਾਂ ਵਿੱਚ 148 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤਰ੍ਹਾਂ ਆਸਟਰੇਲੀਆ ਨੇ ਇਹ ਮੈਚ 157 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਹੈ।
ਹੁਣ ਤਕ ਆਸਟਰੇਲੀਆ ਨੇ ਇੱਕ ਵੀ ਮੈਚ ਨਹੀਂ ਹਾਰਿਆ ਹੈ। ਹੁਣ ਆਸਟਰੇਲੀਆ ਦੀ ਟੀਮ ਆਪਣੇ 7ਵੇਂ ਵਿਸ਼ਵ ਕੱਪ ਖਿਤਾਬ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਮੈਚ 'ਚ ਆਸਟਰੇਲੀਆ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ 216 ਦੌੜਾਂ ਜੋੜੀਆਂ। ਆਸਟਰੇਲੀਆ ਲਈ ਐਲੀਸਾ ਹੀਲੀ ਨੇ 129 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਦਕਿ ਰੇਚਲ ਹੇਨਸ ਨੇ 85 ਦੌੜਾਂ ਦਾ ਯੋਗਦਾਨ ਦਿੱਤਾ। ਬਾਅਦ ਵਿੱਚ ਕਪਤਾਨ ਲੈਨਿੰਗ ਨੇ 26 ਅਤੇ ਮੂਨੀ ਨੇ 31 ਗੇਂਦਾਂ ਵਿੱਚ 43 ਦੌੜਾਂ ਬਣਾਈਆਂ।
304 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ 12 ਦੌੜਾਂ ਦੇ ਸਕੋਰ 'ਤੇ ਆਪਣੀ ਪਹਿਲੀ ਵਿਕਟ ਗੁਆ ਦਿੱਤੀ। ਇਸ ਤੋਂ ਬਾਅਦ ਵਾਰ-ਵਾਰ ਵੈਸਟਇੰਡੀਜ਼ ਦੀਆਂ ਵਿਕਟਾਂ ਡਿੱਗਦੀਆਂ ਰਹੀਆਂ। ਟੀਮ ਲਈ ਕਪਤਾਨ ਸਟੈਫਨੀ ਟੇਲਰ ਨੇ ਸਭ ਤੋਂ ਵੱਧ ਦੌੜਾਂ ਦਾ ਯੋਗਦਾਨ ਪਾਇਆ, ਜਿਸ ਦੇ ਬੱਲੇ ਨੇ 48 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਡਿਆਂਡਰਾ ਡੇਟਿਨ ਅਤੇ ਹੇਲੀ ਮੈਥਿਊਜ਼ ਨੇ 34-34 ਦੌੜਾਂ ਦਾ ਯੋਗਦਾਨ ਪਾਇਆ।
ਇਹ ਵੀ ਪੜ੍ਹੋ : AB ਡਿਵਿਲੀਅਸ ਨੂੰ ਯਾਦ ਕਰਦਿਆਂ ‘ਭਾਵੁਕ’ ਹੋਇਆ ਵਿਰਾਟ ਕੋਹਲੀ
ਮੈਚ ਤੋਂ ਬਾਅਦ ਆਸਟਰੇਲੀਆਈ ਕਪਤਾਨ ਮੇਗ ਲੈਨਿੰਗ ਨੇ ਕਿਹਾ ਕਿ ਉਹ ਫਾਈਨਲ 'ਚ ਕਿਸੇ ਵੀ ਟੀਮ ਨਾਲ ਟੱਕਰ ਲੈਣ ਲਈ ਤਿਆਰ ਹਨ। ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਮੈਚ 31 ਮਾਰਚ ਨੂੰ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ, ਜਦਕਿ ਫਾਈਨਲ ਮੈਚ 3 ਅਪ੍ਰੈਲ ਐਤਵਾਰ ਨੂੰ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਪਿਛਲੇ ਲੀਗ ਮੈਚ ਵਿੱਚ ਦੱਖਣੀ ਅਫਰੀਕਾ ਤੋਂ ਹਾਰ ਕੇ ਬਾਹਰ ਹੋ ਗਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।