ਆਸਟਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਟੀ20 ਸੀਰੀਜ਼ 'ਤੇ ਕੀਤਾ ਕਬਜ਼ਾ

Wednesday, Feb 27, 2019 - 10:28 PM (IST)

ਬੈਂਗਲੁਰੂ- ਖਤਰਨਾਕ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਭਾਰਤ ਨੂੰ ਦੂਸਰੇ ਅਤੇ ਆਖਰੀ ਮੁਕਾਬਲੇ ਵਿਚ 7 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਭਾਰਤੀ ਜ਼ਮੀਨ 'ਤੇ ਟੀ-20 ਸੀਰੀਜ਼ ਜਿੱਤ ਲਈ। ਭਾਰਤ ਨੇ ਕਪਤਾਨ ਵਿਰਾਟ ਕੋਹਲੀ (ਅਜੇਤੂ 72) ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ (40) ਦੀਆਂ ਸ਼ਾਨਦਾਰ ਪਾਰੀਆਂ ਨਾਲ 4 ਵਿਕਟਾਂ 'ਤੇ 190 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਮੈਕਸਵੈੱਲ ਦੇ ਤੂਫਾਨ ਅੱਗੇ ਭਾਰਤੀ ਗੇਂਦਬਾਜ਼ ਇਸ ਸਕੋਰ ਦਾ ਬਚਾਅ ਨਹੀਂ ਕਰ ਸਕੇ।
ਆਸਟਰੇਲੀਆ ਨੇ 19.4 ਓਵਰਾਂ ਵਿਚ 3 ਵਿਕਟਾਂ 'ਤੇ 194 ਦੌੜਾਂ ਬਣਾ ਕੇ ਸੀਰੀਜ਼ 2-0 ਨਾਲ ਜਿੱਤ ਲਈ। ਮੈਕਸਵੈੱਲ ਇਸ ਸ਼ਾਨਦਾਰ ਪਾਰੀ ਲਈ 'ਮੈਨ ਆਫ ਦਿ ਮੈਚ' ਬਣਿਆ। ਉਸ ਨੇ ਪੀਟਰ ਹੈਂਡਸਕੌਂਬ (ਅਜੇਤੂ 20) ਦੇ ਨਾਲ ਚੌਥੀ ਵਿਕਟ ਲਈ 8.3 ਓਵਰਾਂ ਵਿਚ 99 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ।
ਆਸਟਰੇਲੀਆਈ ਟੀਮ ਇਸ ਸ਼ਾਨਦਾਰ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਅੱਗੇ ਭਾਰਤ ਖਿਲਾਫ 5 ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਉਤਰੇਗੀ। ਭਾਰਤ ਨੇ ਇਸ ਤਰ੍ਹਾਂ ਆਪਣੀ ਜ਼ਮੀਨ 'ਤੇ ਚੌਥੀ ਦੋ-ਪੱਖੀ ਟੀ-20 ਸੀਰੀਜ਼ ਗੁਆਈ। ਇਸ ਤੋਂ ਪਹਿਲਾਂ ਵਿਰਾਟ ਅਤੇ ਧੋਨੀ ਨੇ ਚੌਥੀ ਵਿਕਟ ਲਈ ਸਿਰਫ 50 ਗੇਂਦਾਂ ਵਿਚ 100 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕੀਤੀ। ਵਿਰਾਟ ਨੇ 20ਵਾਂ ਟੀ-20 ਅਰਧ-ਸੈਂਕੜਾ ਲਾਉਂਦੇ ਹੋਏ 72 ਦੌੜਾਂ ਬਣਾਈਆਂ। ਧੋਨੀ ਨੇ 40, ਕਾਰਤਿਕ ਅਜੇਤੂ 8 ਅਤੇ ਲੋਕੇਸ਼ ਰਾਹੁਲ ਨੇ 47 ਦੌੜਾਂ ਬਣਾਈਆਂ।


Gurdeep Singh

Content Editor

Related News