AUSA vs INDA : ਉਮੇਸ਼ ਯਾਦਵ ਨੇ ਦਿਖਾਇਆ ਦਮ, ਸਿਰਾਜ ਨੇ ਕੀਤਾ ਪ੍ਰਭਾਵਿਤ
Tuesday, Dec 08, 2020 - 12:35 AM (IST)
ਸਿਡਨੀ– ਭਾਰਤ-ਏ ਦੇ ਤੇਜ਼ ਗੇਂਦਬਾਜ਼ਾਂ ਉਮੇਸ਼ ਯਾਦਵ ਤੇ ਮੁਹੰਮਦ ਸਿਰਾਜ ਨੇ ਆਸਟਰੇਲੀਆ-ਏ ਵਿਰੁੱਧ 3 ਦਿਨਾ ਅਭਿਆਸ ਮੈਚ ਦੇ ਦੂਜੇ ਦਿਨ ਸੋਮਵਾਰ ਨੂੰ ਕ੍ਰਮਵਾਰ 3 ਤੇ 2 ਵਿਕਟਾਂ ਲੈ ਕੇ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ। ਆਸਟਰੇਲੀਆ-ਏ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਕੈਮਰੂਨ ਗ੍ਰੀਨ (ਅਜੇਤੂ 114) ਦੇ ਸ਼ਾਨਦਾਰ ਸੈਂਕੜੇ ਨਾਲ 8 ਵਿਕਟਾਂ ਗੁਆ ਕੇ 286 ਦੌੜਾਂ ਬਣਾ ਲਈਆਂ ਹਨ ਤੇ ਉਸ ਨੂੰ 39 ਦੌੜਾਂ ਦੀ ਬੜ੍ਹਤ ਹਾਸਲ ਹੋ ਗਈ ਹੈ।
ਭਾਰਤ-ਏ ਨੇ ਦੂਜੇ ਦਿਨ ਦੀ ਸ਼ੁਰੂਆਤ 8 ਵਿਕਟਾਂ 'ਤੇ 237 ਦੌੜਾਂ ਤੋਂ ਅੱਗੇ ਕੀਤੀ ਤੇ ਆਪਣੀ ਪਹਿਲੀ ਪਾਰੀ 9 ਵਿਕਟਾਂ 'ਤੇ 247 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ। ਸਿਰਾਜ ਖਾਤਾ ਖੋਲ੍ਹੇ ਬਿਨਾਂ ਆਊਟ ਹੋਇਆ ਜਦਕਿ ਭਾਰਤੀ ਉਪ ਕਪਤਾਨ ਅਜਿੰਕਯ ਰਹਾਨੇ 108 ਦੌੜਾਂ ਤੋਂ ਅੱਗੇ ਖੇਡਦੇ ਹੋਏ 242 ਗੇਂਦਾਂ ਵਿਚ 18 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 117 ਦੌੜਾਂ ਬਣਾ ਕੇ ਅਜੇਤੂ ਰਿਹਾ।
ਭਾਰਤ ਦਾ ਆਸਟਰੇਲੀਆ ਵਿਰੁੱਧ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਇਹ ਪਹਿਲਾ ਅਭਿਆਸ ਮੈਚ ਹੈ। ਟੈਸਟ ਇਲੈਵਨ ਵਿਚ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੇ ਨਾਲ ਤੇਜ਼ ਹਮਲੇ ਵਿਚ ਜਗ੍ਹਾ ਬਣਾਉਣ ਦੇ ਪ੍ਰਮੁੱਖ ਦਾਅਵੇਦਾਰ ਉਮੇਸ਼ ਨੇ ਆਸਟਰੇਲੀਆ-ਏ ਦੇ ਦੋਵੇਂ ਓਪਨਰਾਂ ਨੂੰ 5 ਦੌੜਾਂ ਤਕ ਪੈਵੇਲੀਅਨ ਭੇਜ ਦਿੱਤਾ। ਉਮੇਸ਼ ਨੇ ਵਿਲ ਪੁਕੋਵਸਕੀ ਨੂੰ ਸ਼ੁਭਮਨ ਗਿੱਲ ਹੱਥੋਂ ਕੈਚ ਕਰਵਾਇਆ ਤੇ ਜੋ ਬਰਨਸ ਨੂੰ ਵਿਕਟਕੀਪਰ ਰਿਧੀਮਾਨ ਸਾਹਾ ਦੇ ਹੱਥੋਂ ਕੈਚ ਕਰਵਾ ਦਿੱਤਾ। ਪਹਿਲੇ ਟੈਸਟ ਵਿਚ ਓਪਨਿੰਗ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਪੁਕੋਵਸਕੀ 23 ਗੇਂਦਾਂ ਤਕ ਸੰਘਰਸ਼ ਕਰਨ ਤੋਂ ਬਾਅਦ ਇਕ ਦੌੜ ਹੀ ਬਣਾ ਸਕਿਆ। ਬਰਨਸ ਨੇ 13 ਗੇਂਦਾਂ ਵਿਚ 4 ਦੌੜਾਂ ਬਣਾਈਆਂ।
ਉਮੇਸ਼ ਨੇ ਬਾਅਦ ਵਿਚ ਵਿਕਟਕੀਪਰ ਟਿਮ ਪੇਨ ਦੀ ਵੀ ਵਿਕਟ ਲਈ। ਪੇਨ ਦਾ ਕੈਚ ਪ੍ਰਿਥਵੀ ਸ਼ਾਹ ਨੇ ਫੜਿਆ। ਪੇਨ ਨੇ 88 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਉਮੇਸ਼ ਨੇ 18 ਓਵਰਾਂ ਵਿਚ 44 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।
ਟੀਮ ਲਈ ਜਗ੍ਹਾ ਬਣਾਉਣ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਸਿਰਾਜ ਨੇ 19 ਓਵਰਾਂ ਦੀ ਗੇਂਦਬਾਜ਼ੀ ਵਿਚ 71 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਿਸ ਵਿਚ ਆਸਟਰੇਲੀਆ-ਏ ਦੇ ਕਪਤਾਨ ਟ੍ਰੇਵਿਸ ਹੈੱਡ ਦੀ ਮਹੱਤਵਪੂਰਨ ਵਿਕਟਾਂ ਸ਼ਾਮਲ ਹੈ। ਸਿਰਾਜ ਨੇ ਹੈੱਡ ਨੂੰ ਬੋਲਡ ਕੀਤਾ। ਹੈੱਡ ਨੇ 35 ਗੇਂਦਾਂ ਵਿਚ 18 ਦੌੜਾਂ ਵਿਚ 3 ਚੌਕੇ ਲਾਏ। ਸਿਰਾਜ ਨੇ ਆਸਟਰੇਲੀਆ-ਏ ਦੇ ਤੇਜ਼ ਗੇਂਦਬਾਜ਼ ਜੇਮਸ ਪੈਟਿੰਸਨ ਦੀ ਵੀ ਵਿਕਟ ਲਈ। ਪੈਟਿੰਸਨ ਨੇ 3 ਦੌੜਾਂ ਬਣਾਈਆਂ।
ਪਹਿਲੇ ਟੈਸਟ ਲਈ ਸਪਿਨ ਵਿਭਾਗ ਵਿਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਆਫ ਸਪਿਨਰ ਆਰ. ਅਸ਼ਵਿਨ ਨੇ 19 ਓਵਰਾਂ ਵਿਚ 58 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਅਸ਼ਵਿਨ ਨੇ ਮਾਰਕਸ ਹੈਰਿਸ (35) ਤੇ ਨਿਕ ਮੈਡੀਨਸਨ (23) ਨੂੰ ਪੈਵੇਲੀਅਨ ਭੇਜਿਆ। ਹੈਰਿਸ ਦਾ ਕੈਚ ਰਹਾਨੇ ਨੇ ਫੜਿਆ ਜਦਕਿ ਮੈਡੀਨਸਨ ਐੱਲ. ਬੀ. ਡਬਲਯੂ. ਹੋਇਆ।
ਗ੍ਰੀਨ ਨੇ ਇਕ ਪਾਸਾ ਸੰਭਾਲ ਕੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ ਸੈਂਕੜਾ ਲਾਇਆ ਤੇ ਆਪਣੀ ਟੀਮ ਨੂੰ 5 ਵਿਕਟਾਂ 'ਤੇ 92 ਦੌੜਾਂ ਦੀ ਨਾਜ਼ੁਕ ਸਥਿਤੀ ਤੋਂ ਉਭਾਰਿਆ। ਗ੍ਰੀਨ ਨੇ ਪੇਨ ਦੇ ਨਾਲ 6ਵੀਂ ਵਿਕਟ ਲਈ 104 ਦੌੜਾਂ ਤੇ ਮਾਈਕਲ ਨੇਸਰ ਦੇ ਨਾਲ 8ਵੀਂ ਵਿਕਟ ਲਈ 49 ਦੌੜਾਂ ਦੀ ਸਾਂਝੇਦਾਰੀ ਕੀਤੀ। ਨੇਸਰ ਨੂੰ ਸਿਰਾਜ ਨੇ ਰਨ ਆਊਟ ਕੀਤਾ। ਨੇਸਰ ਨੇ 57 ਗੇਂਦਾਂ 'ਤੇ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਸਟੰਪਸ ਦੇ ਸਮੇਂ ਗ੍ਰੀਨ ਦੇ ਨਾਲ ਮਾਕਰ ਸਟਕੇਟੀ ਇਕ ਦੌੜ ਬਣਾ ਕੇ ਮੌਜੂਦ ਸੀ।
ਨੋਟ- AUSA vs INDA : ਉਮੇਸ਼ ਯਾਦਵ ਨੇ ਦਿਖਾਇਆ ਦਮ, ਸਿਰਾਜ ਨੇ ਕੀਤਾ ਪ੍ਰਭਾਵਿਤ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।