ਏਸ਼ੀਆ ਕੱਪ 2022 : ਭਾਰਤ-ਪਾਕਿਸਤਾਨ ਕੋਲੋਂ ਮੈਚ ਦੌਰਾਨ ਹੋਈ ਇਹ ਗ਼ਲਤੀ, ਹੁਣ ਭਰਨਾ ਪਵੇਗਾ ਜੁਰਮਾਨਾ

08/31/2022 5:10:33 PM

ਦੁਬਈ (ਏਜੰਸੀ)- ਭਾਰਤ ਅਤੇ ਪਾਕਿਸਤਾਨ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ-ਏ ਦੇ ਸ਼ੁਰੂਆਤੀ ਮੈਚ ਵਿਚ ਹੌਲੀ ਓਵਰ-ਰੇਟ ਕਾਰਨ ਮੈਚ ਫੀਸ ਦਾ 40 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਅਤੇ ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੇ ਨਿਰਧਾਰਤ ਸਮੇਂ ਵਿੱਚ 2 ਓਵਰ ਘੱਟ ਕੀਤੇ ਸਨ, ਜਿਸ ਤੋਂ ਬਾਅਦ ਆਈ.ਸੀ.ਸੀ. (ਇੰਟਰਨੈਸ਼ਨਲ ਕ੍ਰਿਕਟ ਕੌਂਸਲ) ਦੇ ਇਲੀਟ ਪੈਨਲ ਦੇ ਮੈਚ ਰੈਫਰੀ ਜੈਫ ਕ੍ਰੋ ਨੇ ਜੁਰਮਾਨਾ ਲਗਾਇਆ।

ਇਹ ਵੀ ਪੜ੍ਹੋ: ਕੈਨੇਡਾ ਤੋਂ ਅੱਜ ਫਿਰ ਆਈ ਦੁਖਦਾਇਕ ਖ਼ਬਰ, ਸੰਗਰੂਰ ਦੇ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ

ਆਈ.ਸੀ.ਸੀ. ਨੇ ਇੱਕ ਬਿਆਨ ਵਿੱਚ ਕਿਹਾ, "ਖਿਡਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ਼ ਲਈ ਹੌਲੀ ਓਵਰ ਰੇਟ ਨਾਲ ਸਬੰਧਤ ਆਈ.ਸੀ.ਸੀ. ਕੋਡ ਆਫ ਕੰਡਕਟ ਦੀ ਧਾਰਾ 2.22 ਦੇ ਅਨੁਸਾਰ ਖਿਡਾਰੀਆਂ ਨੂੰ ਨਿਰਧਾਰਤ ਸਮੇਂ ਵਿੱਚ ਇਕ ਓਵਰ ਘੱਟ ਕਰਾਉਣ 'ਤੇ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।"

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪੰਜਾਬੀ ਗਾਇਕ ਨਿਰਵੈਰ ਦੀ ਦਰਦਨਾਕ ਮੌਤ

ਇਸ 'ਚ ਕਿਹਾ ਗਿਆ ਹੈ, 'ਦੋਵਾਂ ਕਪਤਾਨਾਂ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਉਨ੍ਹਾਂ ਨੂੰ ਜੁਰਮਾਨਾ ਮਨਜ਼ੂਰ ਹੈ, ਇਸ ਲਈ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ।' ਮੈਦਾਨੀ ਅੰਪਾਇਰਾਂ ਮਸੂਦੂਰ ਰਹਿਮਾਨ ਅਤੇ ਰੁਚਿਰਾ ਪਿਲਿਆਗੁਰਗੇ, ਤੀਜੇ ਅੰਪਾਇਰ ਰਵਿੰਦਰ ਵਿਮਲਸਿਰੀ ਅਤੇ ਚੌਥੇ ਅੰਪਾਇਰ ਗਾਜ਼ੀ ਸੋਹੇਲ ਨੇ ਦੋਵਾਂ ਟੀਮਾਂ 'ਤੇ ਇਹ ਦੋਸ਼ ਲਗਾਏ ਸਨ। ਐਤਵਾਰ ਨੂੰ ਖੇਡੇ ਗਏ ਇਸ ਰੋਮਾਂਚਕ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ।

ਇਹ ਵੀ ਪੜ੍ਹੋ: ਅਮਰੀਕੀ ਔਰਤ ਦੇ ਕਤਲ ਕੇਸ 'ਚੋਂ ਭਾਰਤੀ ਮੂਲ ਦਾ ਸਾਬਕਾ ਪੁਲਸ ਅਧਿਕਾਰੀ ਬਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News