ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
Thursday, Apr 16, 2026 - 05:20 PM (IST)
ਖੰਨਾ (ਵਿਪਨ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪੁੱਜੇ। ਇੱਥੇ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਫ਼ਸਲ ਦੀ ਕੁਆਲਟੀ ਦੇਖੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਕਦੇ ਵੀ ਕਿਸਾਨਾਂ ਨੂੰ ਮੰਡੀਆਂ 'ਚ ਰੁਲਣਾ ਨਹੀਂ ਪਿਆ। ਜੇਕਰ ਕਿਤੇ ਰਾਹਤ ਦੀ ਲੋੜ ਹੁੰਦੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਦਿੱਲੀ ਜਾ ਕੇ ਨਾਲ ਦੀ ਨਾਲ ਰਾਹਤ ਲੈ ਆਉਂਦੇ ਸੀ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵਿਚ ਕਿਸਾਨ ਮੰਡੀਆਂ ਅੰਦਰ ਰੁਲ਼ ਰਹੇ ਹਨ, ਪਰ ਕੋਈ ਵੀ ਫਸਲ ਖਰੀਦਣ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਰਾਜਸਥਾਨ ਤੇ ਹਰਿਆਣਾ ਸਰਕਾਰ ਨੇ 4 ਅਪ੍ਰੈਲ ਨੂੰ ਪੱਤਰ ਲਿਖ ਕੇ ਰਾਹਤ ਲੈ ਲਈ ਹੈ, ਜਦੋਂ ਉਨ੍ਹਾਂ ਸੂਬਿਆਂ ਨੂੰ ਰਾਹਤ ਮਿਲੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਣ ਦਾ ਯਾਦ ਆਇਆ। 9 ਅਪ੍ਰੈਲ ਨੂੰ ਪੱਤਰ ਲਿਖਿਆ ਗਿਆ ਇਸ ਕਰਕੇ ਹਾਲੇ ਤੱਕ ਕੋਈ ਰਾਹਤ ਨਹੀਂ ਮਿਲੀ। ਮੰਡੀਆਂ ਵਿਚ ਚੰਗਾ ਬਾਰਦਾਨਾ ਨਹੀਂ ਹੈ।
ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਦੇਸ਼ ਅੰਦਰ ਡੀ-ਲਿਮਿਟੇਸ਼ਨ ਉੱਪਰ ਕਿਹਾ ਕਿ ਜਿੱਥੇ ਤਕ ਔਰਤਾਂ ਲਈ ਰਾਖਵੇਂਕਰਨ ਦਾ ਸਵਾਲ ਹੈ, ਅਕਾਲੀ ਦਲ ਤੇ ਹੋਰ ਸਾਰੀਆਂ ਪਾਰਟੀਆਂ ਸਰਕਾਰ ਨਾਲ ਹਨ। ਇਹ ਜਰੂਰੀ ਵੀ ਹੈ। ਅਸੀਂ ਤਾਂ ਸ਼੍ਰੋਮਣੀ ਕਮੇਟੀ ਅੰਦਰ ਵੀ ਇਸ ਦੀ ਪਹਿਲ ਕੀਤੀ ਸੀ। ਜੇਕਰ ਇਹ ਲਾਗੂ ਕਰਨਾ ਹੈ ਤਾਂ ਸਾਰਿਆਂ ਵਾਸਤੇ ਇੱਕੋ ਜਿਹਾ ਕਾਨੂੰਨ ਹੋਣਾ ਚਾਹੀਦਾ ਹੈ। ਇਹ ਜਨਸੰਖਿਆ ਆਧਾਰ ਉਪਰ ਨਹੀਂ ਹੋ ਸਕਦੀ। ਸੀਟਾਂ ਇੱਕੋ ਜਿਹੀਆਂ ਵਧਣੀਆਂ ਚਾਹੀਦੀਆਂ ਹਨ।
