ਪੰਜਾਬ ''ਚ ਵੱਧਦੀ ਗਰਮੀ ਵਿਚਾਲੇ ਨਵੀਂ ਅਪਡੇਟ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

Tuesday, Apr 21, 2026 - 06:58 PM (IST)

ਪੰਜਾਬ ''ਚ ਵੱਧਦੀ ਗਰਮੀ ਵਿਚਾਲੇ ਨਵੀਂ ਅਪਡੇਟ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਇਸ ਸਮੇਂ ਤਪਦੀ ਗਰਮੀ ਅਤੇ ਲੂ ਦਾ ਜ਼ੋਰ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ ਅਨੁਸਾਰ, ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ ਤੇ ਆਉਣ ਵਾਲੇ ਦਿਨਾਂ ਲਈ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਲੂ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪਰ ਇਸ ਦੇ ਨਾਲ ਹੀ ਇਕ ਰਾਹਤ ਦੀ  ਉਮੀਦ ਵੀ ਨਜ਼ਰ ਆ ਰਹੀ ਹੈ। ਵਿਭਾਗ ਮੁਤਾਬਕ, 26 ਅਤੇ 27 ਅਪ੍ਰੈਲ ਨੂੰ ਸੂਬੇ ਦੇ ਕਈ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ। 

PunjabKesari

ਮੌਸਮ ਵਿਭਾਗ ਦੇ ਅਨੁਸਾਰ, 21 ਤੋਂ 24 ਅਪਰੈਲ ਤੱਕ ਪੰਜਾਬ ਦੇ ਕਈ ਹਿੱਸਿਆਂ ਵਿਚ ਲੂ (Heatwave) ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦਾ ਹੋਰ ਵਾਧਾ ਹੋ ਸਕਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਬਠਿੰਡਾ 41 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ ਹੈ। ਆਈ.ਐੱਮ.ਡੀ. ਨੇ ਦੱਸਿਆ ਹੈ ਕਿ ਫਿਲਹਾਲ ਦਿਨ ਦਾ ਤਾਪਮਾਨ ਆਮ ਨਾਲੋਂ ਕਾਫ਼ੀ ਉੱਚਾ ਚੱਲ ਰਿਹਾ ਹੈ।

PunjabKesari

26 ਤੇ 27 ਅਪ੍ਰੈਲ ਨੂੰ ਮੀਂਹ ਦੀ ਸੰਭਾਵਨਾ

ਗਰਮੀ ਦੀ ਮਾਰ ਝੱਲ ਰਹੇ ਲੋਕਾਂ ਲਈ ਚੰਗੀ ਖ਼ਬਰ ਇਹ ਹੈ ਕਿ 26 ਅਤੇ 27 ਅਪ੍ਰੈਲ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਹਲਕਾ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ, 23 ਅਪ੍ਰੈਲ ਤੋਂ ਇਕ ਨਵੀਂ ਪੱਛਮੀ ਗੜਬੜ ਸਰਗਰਮ ਹੋ ਰਹੀ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਵੀ ਪਵੇਗਾ ਤੇ ਕਈ ਇਲਾਕਿਆਂ ਵਿਚ ਬਰਸਾਤ ਹੋ ਸਕਦੀ ਹੈ, ਜਿਸ ਨਾਲ ਤਾਪਮਾਨ ਵਿਚ ਹਲਕੀ ਗਿਰਾਵਟ ਆਉਣ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ 24 ਤੋਂ 26 ਅਪ੍ਰੈਲ ਦੌਰਾਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਗਰਜ-ਚਮਕ ਦੇ ਨਾਲ ਬਾਰਿਸ਼ ਜਾਂ ਬਰਫ਼ਬਾਰੀ ਹੋ ਸਕਦੀ ਹੈ। ਇਸ ਦਾ ਸਿੱਧਾ ਅਸਰ ਮੈਦਾਨੀ ਖੇਤਰਾਂ ਦੇ ਤਾਪਮਾਨ 'ਤੇ ਵੀ ਪਵੇਗਾ, ਜਿਸ ਨਾਲ ਲੋਕਾਂ ਨੂੰ ਚਲ ਰਹੀ ਲੂ ਤੋਂ ਕੁਝ ਰਾਹਤ ਮਿਲਣ ਦੀ ਆਸ ਹੈ।


author

Anmol Tagra

Content Editor

Related News