ਪਿੰਡ ਹਮੀਦੀ ਵਿਚ ਪੰਜਵਾਂ ਐੱਨ.ਆਰ.ਆਈ. ਕਬੱਡੀ ਕੱਪ ਸ਼ਾਨਦਾਰ ਢੰਗ ਨਾਲ ਸੰਪੰਨ

Tuesday, Apr 14, 2026 - 04:36 PM (IST)

ਪਿੰਡ ਹਮੀਦੀ ਵਿਚ ਪੰਜਵਾਂ ਐੱਨ.ਆਰ.ਆਈ. ਕਬੱਡੀ ਕੱਪ ਸ਼ਾਨਦਾਰ ਢੰਗ ਨਾਲ ਸੰਪੰਨ

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿਖੇ ਐੱਨ.ਆਰ.ਆਈ. ਕਬੱਡੀ ਐਂਡ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਮਨਜੀਤ ਸਿੰਘ ਰਾਣੂ ਦੀ ਅਗਵਾਈ ਹੇਠ ਐੱਨ.ਆਰ.ਆਈ. ਭਰਾਵਾਂ ਰਾਜਵਿੰਦਰ ਸਿੰਘ ਥਿੰਦ (ਅਮਰੀਕਾ), ਮਨਪ੍ਰੀਤ ਸਿੰਘ ਰਾਣੂ (ਕੈਨੇਡਾ), ਜਸਵੀਰ ਸਿੰਘ ਰਾਣੂ (ਅਮਰੀਕਾ) ਅਤੇ ਬਿੰਦਰ ਸਿੰਘ ਰਾਣੂ (ਅਮਰੀਕਾ) ਦੇ ਉਪਰਾਲਿਆਂ ਸਦਕਾ, ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਦੇ ਖੇਡ ਸਟੇਡੀਅਮ ਵਿਚ ਦੋ ਦਿਨਾਂ ਵਿਸ਼ਾਲ ਖੇਡ ਮੇਲੇ ਦੇ ਰੂਪ ਵਿਚ ਪੰਜਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ। 

ਖੇਡ ਮੇਲੇ ਦਾ ਉਦਘਾਟਨ ਸਮਾਜ ਸੇਵੀ ਮੇਜਰ ਸਿੰਘ ਹਮੀਦੀ, ਕਲੱਬ ਪ੍ਰਧਾਨ ਮਨਜੀਤ ਸਿੰਘ ਰਾਣੂ ਅਤੇ ਸਰਪੰਚ ਓਮਨਦੀਪ ਸਿੰਘ ਸੋਹੀ ਨੇ ਸਾਂਝੇ ਤੌਰ ’ਤੇ ਕੀਤਾ। ਸਮਾਗਮ ਵਿਚ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਕੁਲਵੰਤ ਸਿੰਘ ਕੀਤੂ, ਜਥੇਦਾਰ ਨਾਥ ਸਿੰਘ ਹਮੀਦੀ, ਜਸਮੇਲ ਸਿੰਘ ਡੇਅਰੀ ਵਾਲਾ, ਬੰਨੀ ਖਹਿਰਾ, ਕਮਲਜੀਤ ਸਿੰਘ ਚੱਕ, ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਅਤੇ ਥਾਣਾ ਮੁਖੀ ਗੁਰਪਾਲ ਸਿੰਘ ਧਨੌਲਾ ਨੇ ਵਿਸ਼ੇਸ਼ ਹਾਜ਼ਰੀ ਭਰੀ। ਟੂਰਨਾਮੈਂਟ ਵਿਚ 112 ਟੀਮਾਂ ਨੇ ਹਿੱਸਾ ਲਿਆ। 53 ਕਿੱਲੋ ਵਰਗ ਵਿਚ ਬੁਰਜ ਹਰੀ ਸਿੰਘ ਵਾਲਾ ਪਹਿਲਾ ਅਤੇ ਮਾਹਲਾ ਦੂਜਾ ਰਿਹਾ; ਬੈਸਟ ਰੇਡਰ ਅਮਨਾ ਬੁਰਜ ਹਰੀ ਸਿੰਘ ਅਤੇ ਬੈਸਟ ਜਾਫੀ ਰਾਜਵੀਰ ਲੁਹਾਰਾ ਰਹੇ। 65 ਕਿਲੋ ਵਰਗ ਵਿੱਚ ਡਗਰੂ ਪਹਿਲਾ ਅਤੇ ਸੇਵਾ ਸਿੰਘ ਠੀਕਰੀਵਾਲ ਦੀ ਟੀਮ ਦੂਜੀ ਰਹੀ; ਬੈਸਟ ਰੇਡਰ ਪ੍ਰਦੀਪ ਡਗਰੂ ਅਤੇ ਬੈਸਟ ਜਾਫੀ ਬੱਗਾ ਡਗਰੂ ਰਹੇ। ਓਪਨ ਨਿਰੋਲ ਵਿੱਚ ਰੋਂਤਾ ਪਹਿਲਾ ਤੇ ਹਠੂਰ ਦੂਜਾ ਰਿਹਾ; ਬੈਸਟ ਰੇਡਰ ਤਾਰੀ ਰੋਂਤਾ ਅਤੇ ਬੈਸਟ ਜਾਫੀ ਰਾਮ ਤੇ ਫਾਟਕ ਰੋਂਤਾ ਰਹੇ। ਓਪਨ ਤਿੰਨ ਬਾਹਰੋ ਦੇ ਫਾਈਨਲ ਵਿਚ ਹਰਿਆਣਾ ਦੇ ਜਾਂਡਲੀ ਦੀ ਟੀਮ ਨੇ ਸੈਦੋਕੇ ਨੂੰ ਹਰਾਕੇ ਪਹਿਲਾ ਇਨਾਮ ਜਿੱਤਿਆ, ਜਦਕਿ ਸੈਦੋਕੇ ਦੂਜੇ ਸਥਾਨ ’ਤੇ ਰਿਹਾ। ਬੈਸਟ ਰੇਡਰ ਭੂਰੀਆ ਸੀਸਰ ਤੇ ਢੀਲਾ ਜਾਂਡਲੀ, ਬੈਸਟ ਜਾਫੀ ਪ੍ਰਤਾਪ ਕਡਿਆਣਾ ਤੇ ਇੰਦਰ ਤਲਵੰਡੀ ਅਤੇ ਪਲੇਅਰ ਆਫ ਟੂਰਨਾਮੈਂਟ ਪ੍ਰਤਾਪ ਕਡਿਆਣਾ ਘੋਸ਼ਿਤ ਹੋਏ। 

ਜੇਤੂਆਂ ਨੂੰ ਪਲੈਟਿਨਾ ਮੋਟਰਸਾਈਕਲ, ਰੋਟਾਵੇਟਰਾਂ ਅਤੇ ਹੋਰ ਵੱਡੇ ਇਨਾਮ ਦਿੱਤੇ ਗਏ। ਇਨਾਮ ਵੰਡ ਸਮਾਰੋਹ ਕਲੱਬ ਪ੍ਰਧਾਨ ਮਨਜੀਤ ਸਿੰਘ ਰਾਣੂ, ਸਕੱਤਰ ਪਰਮਿੰਦਰ ਸਿੰਘ ਰਾਣੂ, ਗੁਰਜੀਤ ਸਿੰਘ ਚੋਪੜਾ, ਚੇਤਨ ਸ਼ਰਮਾ, ਗਗਨਦੀਪ ਸਿੰਘ ਰਾਣੂ, ਜਗਜੀਤ ਸਿੰਘ ਰਾਣੂ ਅਤੇ ਗੁਰਪ੍ਰੀਤ ਸਿੰਘ ਰਾਣੂ ਸਮੇਤ ਕਲੱਬ ਮੈਂਬਰਾਂ ਵੱਲੋਂ ਕੀਤਾ ਗਿਆ। ਇਸ ਮੌਕੇ ਏ.ਐੱਸ.ਆਈ. ਮਨਜਿੰਦਰ ਸਿੰਘ ਸੇਰਪੁਰ, ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਜਰਨੈਲ ਸਿੰਘ ਭੋਲਾ ਠੁੱਲੀਵਾਲ, ਹਰਪਾਲ ਸਿੰਘ ਪਾਲੀ, ਜਸਵਿੰਦਰ ਸਿੰਘ ਮਾਂਗਟ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਰਹੇ।


author

Anmol Tagra

Content Editor

Related News