ਰੇਲਵੇ ਸਟੇਸ਼ਨ ''ਤੇ ''ਫੋਰਟ੍ਰੈਸ ਚੈੱਕ'' ਮੁਹਿੰਮ, 1840 ਬਿਨਾਂ ਟਿਕਟ ਯਾਤਰੀ ਫੜੇ, 8 ਲੱਖ ਤੋਂ ਵੱਧ ਦਾ ਜੁਰਮਾਨਾ ਵਸੂਲਿਆ

Thursday, Apr 23, 2026 - 06:14 PM (IST)

ਰੇਲਵੇ ਸਟੇਸ਼ਨ ''ਤੇ ''ਫੋਰਟ੍ਰੈਸ ਚੈੱਕ'' ਮੁਹਿੰਮ, 1840 ਬਿਨਾਂ ਟਿਕਟ ਯਾਤਰੀ ਫੜੇ, 8 ਲੱਖ ਤੋਂ ਵੱਧ ਦਾ ਜੁਰਮਾਨਾ ਵਸੂਲਿਆ

ਜੈਤੋ (ਰਘੂਨੰਦਨ ਪਰਾਸ਼ਰ) : ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਵਿਰੁੱਧ ਇਕ ਵਿਸ਼ੇਸ਼ 'ਫੋਰਟ੍ਰੈਸ ਚੈੱਕ' ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਸਖ਼ਤ ਚੈਕਿੰਗ ਦੌਰਾਨ ਕੁੱਲ 1840 ਬਿਨਾਂ ਟਿਕਟ ਯਾਤਰੀਆਂ ਨੂੰ ਕਾਬੂ ਕੀਤਾ ਗਿਆ। ਇਸ ਕਾਰਵਾਈ ਦੌਰਾਨ ਰੇਲਵੇ ਵਿਭਾਗ ਨੇ ਦੋਸ਼ੀ ਯਾਤਰੀਆਂ ਕੋਲੋਂ 8,06,935 ਰੁਪਏ ਦਾ ਰੇਲਵੇ ਮਾਲੀਆ ਜੁਰਮਾਨੇ ਵਜੋਂ ਵਸੂਲਿਆ ਹੈ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ 20 ਟਿਕਟ ਚੈਕਿੰਗ ਸਟਾਫ਼ ਅਤੇ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਦੀ ਇਕ ਸਾਂਝੀ ਟੀਮ ਤਾਇਨਾਤ ਕੀਤੀ ਗਈ ਸੀ।

ਕੀ ਹੁੰਦਾ ਹੈ 'ਫੋਰਟ੍ਰੈਸ ਚੈੱਕ'? 

ਸਰੋਤਾਂ ਅਨੁਸਾਰ ਰੇਲਵੇ ਵਿੱਚ 'ਫੋਰਟ੍ਰੈਸ ਚੈੱਕ' ਇਕ ਅਜਿਹੀ ਵਿਸ਼ੇਸ਼ ਅਤੇ ਗੁਪਤ ਚੈਕਿੰਗ ਮੁਹਿੰਮ ਹੁੰਦੀ ਹੈ, ਜਿਸ ਦੇ ਤਹਿਤ ਕਿਸੇ ਖਾਸ ਸਟੇਸ਼ਨ, ਰੇਲ ਗੱਡੀ ਜਾਂ ਰੇਲ ਖੰਡ ਦੀ ਬਿਨਾਂ ਕਿਸੇ ਪੂਰਵ ਸੂਚਨਾ ਦੇ ਸਖ਼ਤੀ ਨਾਲ ਜਾਂਚ ਕੀਤੀ ਜਾਂਦੀ ਹੈ। ਇਸ ਦੌਰਾਨ ਰੇਲਵੇ ਸਟਾਫ਼ ਅਤੇ ਆਰ.ਪੀ.ਐੱਫ. ਵੱਲੋਂ ਯਾਤਰੀਆਂ ਦੀਆਂ ਟਿਕਟਾਂ, ਪਛਾਣ ਪੱਤਰਾਂ ਅਤੇ ਰੇਲਵੇ ਨਿਯਮਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਇਸ ਦਾ ਮੁੱਖ ਮਨੋਰਥ ਬਿਨਾਂ ਟਿਕਟ ਸਫਰ ਕਰਨ ਵਾਲਿਆਂ 'ਤੇ ਰੋਕ ਲਗਾਉਣਾ ਅਤੇ ਰੇਲਵੇ ਦੇ ਮਾਲੀਏ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਆਮ ਜਨਤਾ ਅਤੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਜਾਇਜ਼ ਟਿਕਟ ਲੈ ਕੇ ਹੀ ਸਫਰ ਕਰਨ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਯਾਤਰੀਆਂ ਦੀ ਸਹੂਲਤ ਅਤੇ ਰੇਲਵੇ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਭਵਿੱਖ ਵਿਚ ਵੀ ਅਜਿਹੀਆਂ ਸਖ਼ਤ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ।


author

Gurminder Singh

Content Editor

Related News