Punjab: 12 ਤੋਂ 3 ਵਜੇ ਤਕ ਘਰੋਂ ਬਾਹਰ ਨਾ ਨਿਕਲਣ ਇਹ ਲੋਕ, ਜਾਰੀ ਹੋਈ ਐਡਵਾਇਜ਼ਰੀ

Tuesday, Apr 21, 2026 - 05:27 PM (IST)

Punjab: 12 ਤੋਂ 3 ਵਜੇ ਤਕ ਘਰੋਂ ਬਾਹਰ ਨਾ ਨਿਕਲਣ ਇਹ ਲੋਕ, ਜਾਰੀ ਹੋਈ ਐਡਵਾਇਜ਼ਰੀ

ਲੁਧਿਆਣਾ (ਮਹਿੰਦਰੂ): ਪੰਜਾਬ ਵਿਚ ਗਰਮੀ ਨੇ ਜ਼ੋਰ ਫੜਣਾ ਸ਼ੁਰੂ ਕਰ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਲੂ ਚੱਲਣ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਲੁਧਿਆਣਾ ਦੇ ਸਿਵਲ ਸਰਜਨ ਡਾ. ਰਮਨਦੀਪ ਕੌਰ ਵੱਲੋਂ ਹੀਟਵੇਵ ਸਬੰਧੀ ਐਡਵਾਇਜ਼ਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੋੜੀਂਦੇ ਬਚਾਅ ਉਪਾਵ ਅਪਣਾਉਣ ਦੀ ਅਪੀਲ ਕੀਤੀ ਗਈ ਹੈ। ਸਿਹਤ ਵਿਭਾਗ ਮੁਤਾਬਕ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚਦਾ ਹੈ ਤਾਂ ਡੀਹਾਈਡ੍ਰੇਸ਼ਨ, ਹੀਟ ਏਗਜ਼ਾਸ਼ਨ ਅਤੇ ਹੀਟ ਸਟ੍ਰੋਕ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

ਡਾ. ਰਮਨਦੀਪ ਕੌਰ ਨੇ ਕਿਹਾ ਕਿ ਹੀਟਵੇਵ ਦੌਰਾਨ ਕੁਝ ਵਰਗਾਂ ਲਈ ਖਾਸ ਖਤਰਾ ਹੁੰਦਾ ਹੈ, ਜਿਨ੍ਹਾਂ ਵਿਚ 60 ਸਾਲ ਤੋਂ ਉੱਪਰ ਦੇ ਬਜ਼ੁਰਗ, ਛੋਟੇ ਬੱਚੇ, ਗਰਭਵਤੀ ਮਹਿਲਾਵਾਂ, ਦਿਲ, ਸ਼ੂਗਰ ਜਾਂ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਵਿਅਕਤੀ ਅਤੇ ਬਾਹਰ ਕੰਮ ਕਰਨ ਵਾਲੇ ਮਜ਼ਦੂਰ, ਕਿਸਾਨ ਅਤੇ ਨਿਰਮਾਣ ਮਜ਼ਦੂਰ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਹ ਉੱਚ-ਖਤਰੇ ਵਾਲੇ ਵਰਗ ਸਿੱਧੀ ਧੁੱਪ ਤੋਂ ਬਚਣ ਅਤੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ। ਉਨ੍ਹਾਂ ਨੇ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰਾਂ ਵਿਚ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਪਾਣੀ ਅਤੇ ਤਰਲ ਪਦਾਰਥ ਜਿਵੇਂ ਕਿ ਓ.ਆਰ.ਐੱਸ., ਨਿੰਬੂ ਪਾਣੀ ਤੇ ਲੱਸੀ ਪੀਣੀ ਚਾਹੀਦੀ ਹੈ। ਬਾਹਰ ਜਾਣ ਸਮੇਂ ਹਲਕੇ ਰੰਗ ਦੇ ਢਿੱਲੇ ਕਪੜੇ ਪਹਿਨਣ ਅਤੇ ਸਿਰ ਨੂੰ ਕੱਪੜੇ ਜਾਂ ਟੋਪੀ ਨਾਲ ਢੱਕਣਾ ਲਾਭਕਾਰੀ ਰਹੇਗਾ। ਨਾਲ ਹੀ ਹਲਕਾ ਭੋਜਨ ਅਤੇ ਮੌਸਮੀ ਫਲ-ਸਬਜ਼ੀਆਂ ਦਾ ਸੇਵਨ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

ਐਡਵਾਇਜ਼ਰੀ ਵਿਚ ਸ਼ਰਾਬ, ਕੈਫੀਨ ਵਾਲੇ ਪਦਾਰਥਾਂ ਅਤੇ ਤੇਜ਼-ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਇਹ ਸਰੀਰ ਵਿਚ ਪਾਣੀ ਦੀ ਘਾਟ ਕਰਦੇ ਹਨ। ਇਸ ਤੋਂ ਇਲਾਵਾ ਬੱਚਿਆਂ ਜਾਂ ਪਸ਼ੂਆਂ ਨੂੰ ਖੜ੍ਹੀਆਂ ਗੱਡੀਆਂ ਵਿਚ ਛੱਡਣ ਤੋਂ ਸਖ਼ਤ ਮਨਾਹੀ ਕੀਤੀ ਗਈ ਹੈ ਕਿਉਂਕਿ ਗੱਡੀਆਂ ਦਾ ਤਾਪਮਾਨ ਤੇਜ਼ੀ ਨਾਲ ਵੱਧ ਜਾਂਦਾ ਹੈ ਜੋ ਜਾਨ ਲਈ ਖਤਰਨਾਕ ਹੋ ਸਕਦਾ ਹੈ।ਡਾ. ਕੌਰ ਨੇ ਦੱਸਿਆ ਕਿ ਬਾਹਰ ਕੰਮ ਕਰਨ ਵਾਲੇ ਲੋਕ ਸਵੇਰੇ ਜਾਂ ਸ਼ਾਮ ਦੇ ਸਮੇਂ ਕੰਮ ਕਰਨ, ਛਾਂ ਵਿੱਚ ਅਰਾਮ ਕਰਨ ਅਤੇ ਵਾਰ-ਵਾਰ ਪਾਣੀ ਪੀਣ ਦੀ ਆਦਤ ਬਣਾਉਣ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਦੇ ਸਰਕਾਰੀ ਸਿਹਤ ਸੰਸਥਾਨ ਹੀਟਵੇਵ ਨਾਲ ਸਬੰਧਿਤ ਮਰੀਜ਼ਾਂ ਦੇ ਇਲਾਜ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਓਆਰਐਸ, ਦਵਾਈਆਂ ਅਤੇ ਐਮਰਜੈਂਸੀ ਸਹੂਲਤਾਂ ਉਪਲਬਧ ਹਨ। ਜੇਕਰ ਕਿਸੇ ਵਿਅਕਤੀ ਨੂੰ ਚੱਕਰ ਆਉਣ, ਬੁਖਾਰ, ਉਲਟੀ ਜਾਂ ਬੇਹੋਸ਼ੀ ਵਰਗੇ ਲੱਛਣ ਨਜ਼ਰ ਆਉਣ ਤਾਂ ਉਸ ਨੂੰ ਤੁਰੰਤ ਠੰਢੀ ਜਾਂ ਛਾਂ ਵਾਲੀ ਜਗ੍ਹਾ 'ਤੇ ਲਿਜਾਇਆ ਜਾਵੇ, ਪਾਣੀ ਦਿੱਤਾ ਜਾਵੇ ਅਤੇ ਨਜ਼ਦੀਕੀ ਸਿਹਤ ਕੇਂਦਰ ਵਿਚ ਪਹੁੰਚਾਇਆ ਜਾਵੇ।

ਅੰਤ ਵਿਚ ਡਾ. ਰਮਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਸਮ ਸਬੰਧੀ ਜਾਣਕਾਰੀ ਤੇ ਨਜ਼ਰ ਰੱਖਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਨੇ ਕਿਹਾ ਕਿ ਸਾਵਧਾਨੀ ਅਤੇ ਸਮੇਂ ਸਿਰ ਕਦਮ ਚੁੱਕ ਕੇ ਹੀਟਵੇਵ ਦੇ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ।


author

Anmol Tagra

Content Editor

Related News