ਕ੍ਰਿਕਟ ਮੈਚ ਮਗਰੋਂ ਆਪਸ 'ਚ ਭਿੜੇ ਪਾਕਿ-ਅਫਗਾਨ ਟੀਮਾਂ ਦੇ ਪ੍ਰਸ਼ੰਸਕ, ਜੰਮ ਕੇ ਚੱਲੀਆਂ ਕੁਰਸੀਆਂ (ਵੀਡੀਓ)
Thursday, Sep 08, 2022 - 12:16 PM (IST)
ਸ਼ਾਰਜਾਹ (ਏਜੰਸੀ) - ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਬੁੱਧਵਾਰ ਨੂੰ ਹੋਏ ਮੈਚ ਤੋਂ ਬਾਅਦ ਸਟੇਡੀਅਮ 'ਚ ਹੀ ਦੋਹਾਂ ਦੇਸ਼ਾਂ ਦੇ ਪ੍ਰਸ਼ੰਸਕ ਆਪਸ 'ਚ ਭਿੜ ਗਏ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚ ਪ੍ਰਸ਼ੰਸਕ ਇਕ-ਦੂਜੇ 'ਤੇ ਕੁਰਸੀਆਂ ਸੁੱਟਦੇ ਹੋਏ ਅਤੇ ਨਾਅਰੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ-ਪਾਕਿਸਤਾਨ ਦੇ ਪ੍ਰਸ਼ੰਸਕ ਸਟੈਂਡ ਵਿਚ ਲੱਗੀਆਂ ਕੁਰਸੀਆਂ ਉਖਾੜ ਕੇ ਸੁੱਟ ਰਹੇ ਹਨ ਅਤੇ ਆਪਣੇ ਦੇਸ਼ਾਂ ਦੇ ਝੰਡੇ ਲਹਿਰਾ ਰਹੇ ਹਨ। ਖ਼ਬਰਾਂ ਮੁਤਾਬਕ ਮੈਚ ਹਾਰਨ ਤੋਂ ਬਾਅਦ ਅਫਗਾਨ ਸਮਰਥਕਾਂ ਨੇ ਸਟੇਡੀਅਮ 'ਚ ਕੁਝ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਕੁੱਟਮਾਰ ਕੀਤੀ। ਪ੍ਰਸ਼ੰਸਕਾਂ ਨੇ ਕਥਿਤ ਤੌਰ 'ਤੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਵੀ ਭੰਨਤੋੜ ਕੀਤੀ।
Namak Haram! Harami…. This is what happened today in Sharjah cricket stadium right after the match. They beaten Pakistani people. pic.twitter.com/13PL8Y4uBw
— Zain Zulqarnain Malik Awan (@z4zaini) September 7, 2022
ਦੱਸ ਦੇਈਏ ਕਿ ਪਾਕਿਸਤਾਨ ਨੇ ਨਸੀਮ ਸ਼ਾਹ (14 ਅਜੇਤੂ) ਦੇ ਆਖਰੀ 2 ਗੇਂਦਾਂ ’ਤੇ 2 ਛੱਕਿਆਂ ਦੀ ਬਦੌਲਤ ਅਫਗਾਨਿਸਤਾਨ ਨੂੰ ਏਸ਼ੀਆ ਕੱਪ ਦੇ ਨੇੜਲੇ ਮੈਚ ਵਿਚ ਬੁੱਧਵਾਰ ਨੂੰ ਇਕ ਵਿਕਟ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 20 ਓਵਰਾਂ ਵਿਚ 130 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸ ਨੇ 9 ਵਿਕਟਾਂ ਗੁਆ ਕੇ 19.2 ਓਵਰਾਂ ਵਿਚ ਹਾਸਲ ਕਰ ਲਿਆ। ਪਾਕਿਸਤਾਨ ਨੂੰ ਆਖਰੀ ਤਿੰਨ ਓਵਰਾਂ ਵਿਚ 25 ਦੌੜਾਂ ਦੀ ਲੋੜ ਸੀ ਪਰ 18ਵੇਂ ਓਵਰ ਵਿਚ ਮੁਹੰਮਦ ਨਵਾਜ਼ ਤੇ ਖੁਸ਼ਦਿਲ ਸ਼ਾਹ ਦੀ ਵਿਕਟ ਡਿੱਗਣ ਤੋਂ ਬਾਅਦ ਮੈਚ ਅਫਗਾਨਿਸਤਾਨ ਦੀ ਝੋਲੀ ਵਿਚ ਆ ਗਿਆ ਸੀ। 19ਵੇਂ ਓਵਰ ਵਿਚ ਹੈਰਿਸ ਰਾਓਫ ਤੇ ਆਸਿਫ ਅਲੀ ਦੇ ਆਊਟ ਹੋਣ ’ਤੇ ਪਾਕਿਸਤਾਨ 9 ਵਿਕਟਾਂ ਗੁਆ ਚੁੱਕਾ ਸੀ, ਜਦਕਿ ਉਸ ਨੂੰ 6 ਗੇਂਦਾਂ ’ਤੇ 11 ਦੌੜਾਂ ਦੀ ਲੋੜ ਸੀ। 10ਵੇਂ ਨੰਬਰ ਦੇ ਬੱਲੇਬਾਜ਼ ਨਸੀਮ ਸ਼ਾਹ ਨੇ ਇੱਥੇ 20ਵੇਂ ਓਵਰ ਦੀਆਂ ਪਹਿਲੀਆਂ 2 ਗੇਂਦਾਂ ’ਤੇ 2 ਛੱਕੇ ਲਾ ਕੇ ਪਾਕਿਸਤਾਨ ਨੂੰ ਜਿੱਤ ਦਿਵਾ ਦਿੱਤੀ। ਏਸ਼ੀਆ ਕੱਪ ਦੇ ਫਾਈਨਲ ਵਿਚ ਪਹੁੰਚਣ ਲਈ ਭਾਰਤ ਦੀਆਂ ਉਮੀਦਾਂ ਅਫਗਾਨਿਸਤਾਨ ’ਤੇ ਨਿਰਭਰ ਸਨ ਤੇ ਉਸ ਦੀ ਹਾਰ ਦੇ ਨਾਲ ਭਾਰਤ ਦੀ ਏਸ਼ੀਆ ਕੱਪ ਮੁਹਿੰਮ ਵੀ ਖ਼ਤਮ ਹੋ ਗਈ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਬ੍ਰਿਟੇਨ ਦੀ ਗ੍ਰਹਿ ਮੰਤਰੀ ਨਿਯੁਕਤ