ਆਸ਼ੀਸ਼ ਕੁਮਾਰ ਨੂੰ ਸੋਨਾ, ਭਾਰਤ ਨੇ ਥਾਈਲੈਂਡ ਓਪਨ ''ਚ ਜਿੱਤੇ 8 ਤਮਗੇ
Sunday, Jul 28, 2019 - 02:23 PM (IST)

ਸਪੋਰਟਸ ਡੈਸਕ—ਏਸ਼ੀਆਈ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਆਸ਼ੀਸ਼ ਕੁਮਾਰ (75 ਕਿ. ਗ੍ਰਾ.) ਨੇ ਸ਼ਨੀਵਾਰ ਆਪਣਾ ਪਹਿਲਾ ਕੌਮਾਂਤਰੀ ਸੋਨ ਤਮਗਾ ਜਿੱਤਿਆ ਤੇ ਨਾਲ ਹੀ ਭਾਰਤੀ ਮੁੱਕੇਬਾਜ਼ਾਂ ਨੇ ਬੈਂਕਾਕ 'ਚ ਥਾਈਲੈਂਡ ਓਪਨ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ 'ਚ 8 ਤਮਗੇ ਆਪਣੀ ਝੋਲੀ ਵਿਚ ਪਾਏ। ਭਾਰਤ ਨੇ 1 ਸੋਨ, 4 ਚਾਂਦੀ ਤੇ 3 ਕਾਂਸੀ ਤਮਗੇ ਆਪਣੇ ਨਾਂ ਕੀਤੇ। ਭਾਰਤੀ ਦਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਜਿਸ ਵਿਚ 37 ਦੇਸ਼ਾਂ ਦੇ ਦੁਨੀਆ ਦੇ ਸਰਵਸ੍ਰੇਸ਼ਠ ਮੁੱਕੇਬਾਜ਼ਾਂ ਨੇ ਹਿੱਸਾ ਲਿਆ।
ਆਖਰੀ ਦਿਨ ਜਿਨ੍ਹਾਂ ਭਾਰਤੀਆਂ ਨੇ ਚਾਂਦੀ ਤਮਗੇ ਨਾਲ ਸਬਰ ਕੀਤਾ, ਉਨ੍ਹਾਂ 'ਚ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਨਿਕਹਤ ਜ਼ਰੀਨ (51 ਕਿ. ਗ੍ਰਾ.), ਏਸ਼ੀਆਈ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਦੀਪਕ (49 ਕਿ. ਗ੍ਰਾ.), ਗੀਬੀ ਮੁੱਕੇਬਾਜ਼ੀ ਪ੍ਰਤੀਯੋਗਿਤਾ ਦੇ ਚਾਂਦੀ ਤਮਗਾ ਜੇਤੂ ਮੁਹੰਮਦ ਹਸਮੂਦੀਨ (56 ਕਿ. ਗ੍ਰਾ.) ਤੇ ਇੰਡੀਆ ਓਪਨ ਦਾ ਚਾਂਦੀ ਤਮਗਾ ਜੇਤੂ ਬ੍ਰਿਜੇਸ਼ ਯਾਦਵ (81 ਕਿ. ਗ੍ਰਾ.) ਸ਼ਾਮਲ ਰਹੇ।
ਆਸ਼ੀਸ਼ ਸ਼ਾਨਦਾਰ ਫਾਰਮ ਵਿਚ ਸੀ, ਉਸ ਨੇ ਇੰਡੀਆ ਓਪਨ 'ਚ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਦੋ ਮਹੀਨਿਆਂ ਬਾਅਦ ਕੋਰੀਆ ਦੇ ਕਿਮ ਜਿਨਜਾਏ ਨੂੰ 5-0 ਨਾਲ ਹਰਾ ਕੇ ਆਪਣੇ ਕਰੀਅਰ ਦਾ ਵੱਡਾ ਤਮਗਾ ਹਾਸਲ ਕੀਤਾ।