ਸੱਟ ਦੇ ਬਾਵਜੂਦ ਖੇਡਦੇ ਰਹੇ ਏਸ਼ੇਜ਼ ਸੀਰੀਜ਼, ਸਟੀਵ ਸਮਿਥ ਨੇ ਕੀਤਾ ਖੁਲਾਸਾ
Wednesday, Aug 23, 2023 - 04:53 PM (IST)
ਮੈਲਬੋਰਨ (ਭਾਸ਼ਾ)– ਆਸਟਰੇਲੀਆ ਦੇ ਪ੍ਰਮੁੱਖ ਬੱਲੇਬਾਜ਼ ਸਟੀਵ ਸਮਿਥ ਨੇ ਖੁਲਾਸਾ ਕੀਤਾ ਹੈ ਕਿ ਇੰਗਲੈਂਡ ਵਿਰੁੱਧ ਲਾਰਡਸ ’ਚ ਖੇਡੇ ਗਏ ਦੂਜੇ ਟੈਸਟ ਮੈਚ ਦੌਰਾਨ ਉਸਦੀ ਬਾਂਹ ’ਚ ਸੱਟ ਲੱਗ ਗਈ ਸੀ ਤੇ ਉਹ ਏਸ਼ੇਜ਼ ਲੜੀ ਦੇ ਜ਼ਿਆਦਾਤਰ ਹਿੱਸੇ ’ਚ ਇਸ ਸੱਟ ਨਾਲ ਹੀ ਖੇਡਦਾ ਰਿਹਾ। ਇਸ 34 ਸਾਲਾ ਖਿਡਾਰੀ ਨੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ’ਚ 110 ਦੌੜਾਂ ਬਣਾਈਆਂ ਸਨ ਪਰ ਇਸ ਦੌਰਾਨ ਉਸਦੀ ਖੱਬੀ ਬਾਂਹ ਜ਼ਖ਼ਮੀ ਹੋ ਗਈ ਸੀ।
ਸਮਿਥ ਨੇ ਕਿਹਾ,‘‘ਮੈਂ ਲਾਰਡਸ ’ਚ ਜ਼ਖ਼ਮੀ ਹੋ ਗਿਆ ਸੀ। ਮੈਂ ਨਹੀਂ ਜਾਣਦਾ ਕਿ ਸੱਟ ਕਦੋਂ ਲੱਗੀ ਪਰ ਇਹ ਹਾਦਸਾ ਮੈਦਾਨ ’ਤੇ ਹੋਇਆ। ਰਾਤ ਨੂੰ ਮੈਨੂੰ ਇਸਦਾ ਪਤਾ ਲੱਗਾ। ਬਾਂਹ ’ਤੇ ਥੋੜ੍ਹੀ ਸੋਜ਼ਿਸ਼ ਆ ਗਈ ਸੀ।’’ ਉਸ ਨੇ ਕਿਹਾ,‘‘ਮੈਂ ਇਸ ਤੋਂ ਬਾਅਦ ਅਗਲੇ ਮੈਚ ’ਚ ਖੇਡਿਆ ਤੇ ਫਿਰ ਓਲਡ ਟ੍ਰੈਫਰਡ ’ਚ ਖੇਡੇ ਗਏ ਮੈਚ ਤੋਂ ਪਹਿਲਾਂ ਮੈਨੂੰ ਦਰਦ ਰੋਕੂ ਟੀਕਾ ਲਗਵਾਉਣਾ ਪਿਆ। ਵਤਨ ਪਰਤਣ ’ਤੇ ਮੈਨੂੰ ਲੱਗਾ ਕਿ ਮੈਂ ਅਜੇ ਵੀ ਫਿੱਟ ਨਹੀਂ ਹਾਂ।
ਮੈਂ ਹੁਣ ਕਈ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ ਹਾਂ।’’ ਸਮਿਥ ਨੇ ਕਿਹਾ,‘‘ਮੈਂ ਇਕ ਹੋਰ ਸਕੈਨ ਕਰਵਾਈ, ਜਿਸ ਤੋਂ ਪਤਾ ਲੱਗਦਾ ਹੈ ਕਿ ਬਾਂਹ ’ਚ ਹਲਕਾ ਫ੍ਰੈਕਚਰ ਹੈ।’’ਆਸਟਰੇਲੀਆ ਪਹਿਲੇ ਦੋ ਟੈਸਟ ਮੈਚ ਜਿੱਤ ਕੇ ਇੰਗਲੈਂਡ ’ਚ 2001 ਤੋਂ ਬਾਅਦ ਪਹਿਲੀ ਏਸ਼ੇਜ਼ ਲੜੀ ਜਿੱਤਣ ਵੱਲ ਵੱਧ ਰਿਹਾ ਸੀ। ਇੰਗਲੈਂਡ ਨੇ ਹਾਲਾਂਕਿ ਸ਼ਾਨਦਾਰ ਵਾਪਸੀ ਕਰਕੇ ਆਖਿਰ ’ਚ ਲੜੀ ਬਰਾਬਰ ਕਰ ਦਿੱਤੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।