ਸਬਾਲੇਂਕਾ ਨੇ ਸਵੀਆਟੇਕ ਨੂੰ ਹਰਾਇਆ,ਫਾਈਨਲ ''ਚ ਹੋਵੇਗੀ ਗਾਰਸੀਆ ਨਾਲ ਟੱਕਰ
Monday, Nov 07, 2022 - 12:21 PM (IST)

ਫੋਰਟ ਵਰਥ/ਅਮਰੀਕਾ (ਏਜੰਸੀ)- ਆਰੀਨਾ ਸਬਾਲੇਂਕਾ ਨੇ ਚੋਟੀ ਦੀ ਰੈਂਕਿੰਗ ਵਾਲੀ ਖਿਡਾਰਨ ਇੰਗਾ ਸਵੀਆਟੇਕ ਦੀਆਂ ਚੋਟੀ ਦੀਆਂ 10 ਖਿਡਾਰਨਾਂ ਵਿਰੁੱਧ 15 ਮੈਚਾਂ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਨੂੰ ਰੋਕ ਕੇ ਡਬਲਯੂਟੀਏ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਸਬਾਲੇਂਕਾ ਨੇ ਤਿੰਨ ਸੈੱਟਾਂ ਤੱਕ ਚੱਲੇ ਮੈਚ ਵਿੱਚ ਸਵੀਆਟੇਕ ਨੂੰ 6-2, 2-6, 6-1 ਨਾਲ ਹਰਾਇਆ। ਫਾਈਨਲ ਵਿੱਚ ਸਬਾਲੇਂਕਾ ਦਾ ਸਾਹਮਣਾ ਕੈਰੋਲਿਨ ਗਾਰਸੀਆ ਨਾਲ ਹੋਵੇਗਾ, ਜਿਨ੍ਹਾਂ ਨੇ ਮਾਰੀਆ ਸਕਾਰੀ ਨੂੰ 6-3, 6-2 ਨਾਲ ਹਰਾਇਆ।
ਸਬਾਲੇਂਕਾ ਸੀਜ਼ਨ ਦੇ ਆਖ਼ਰੀ ਮੁਕਾਬਲੇ ਦਾ ਖ਼ਿਤਾਬ ਜਿੱਤਣ ਵਾਲੀ ਦੂਜੀ ਫਰਾਂਸੀਸੀ ਖ਼ਿਡਾਰਣ ਬਣਨ ਦੀ ਰਾਹ 'ਤੇ ਹੈ। ਫ੍ਰੈਂਚ ਓਪਨ ਅਤੇ ਯੂਐਸ ਓਪਨ ਚੈਂਪੀਅਨ ਸਵੀਆਟੇਕ ਕੋਲ ਲਗਾਤਾਰ ਸਭ ਤੋਂ ਵੱਧ ਸਿਖਰਲੇ 10 ਖ਼ਿਡਾਰੀਆਂ ਨੂੰ ਹਰਾਉਣ ਦੇ ਸਟੈਫੀ ਗ੍ਰਾਫ ਦੇ ਰਿਕਾਰਡ ਦੀ ਬਰਾਬਰੀ ਕਰਨ ਦਾ ਮੌਕਾ ਸੀ। ਗ੍ਰਾਫ ਨੇ 1987 ਵਿੱਚ ਚੋਟੀ ਦੀਆਂ 10 ਖਿਡਾਰਣਾਂ ਵਿਰੁੱਧ ਲਗਾਤਾਰ 17 ਮੈਚ ਜਿੱਤੇ ਸਨ। ਡਬਲਜ਼ ਵਿੱਚ ਮੌਜੂਦਾ ਚੈਂਪੀਅਨ ਬਾਰਬੋਰਾ ਕ੍ਰੇਜਿਕੋਵਾ ਅਤੇ ਕੈਟਰੀਨਾ ਸਿਨਿਆਕੋਵਾ ਨੇ ਵੀ ਲਿਊਡਮਿਲਾ ਕਿਚੇਨੋਕ ਅਤੇ ਜੇਲੇਨਾ ਓਸਤਾਪੇਂਕੋ ਨੂੰ 7-6(5), 6-2 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।