ਅਰਵਿੰਦ ਚਿਤਾਂਬਰਮ ਨੇ ਦੁਬਈ ਅੰਤਰਰਾਸ਼ਟਰੀ ਸ਼ਤਰੰਜ ਖਿਤਾਬ ਜਿੱਤਿਆ

Monday, Sep 05, 2022 - 09:26 PM (IST)

ਅਰਵਿੰਦ ਚਿਤਾਂਬਰਮ ਨੇ ਦੁਬਈ ਅੰਤਰਰਾਸ਼ਟਰੀ ਸ਼ਤਰੰਜ ਖਿਤਾਬ ਜਿੱਤਿਆ

ਦੁਬਈ, ਯੂ. ਏ. ਈ. (ਨਿਕਲੇਸ਼ ਜੈਨ)- 22ਵੇਂ ਦੁਬਈ ਓਪਨ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦੇ ਆਖਰੀ ਦੋ ਰਾਊਂਡ ਵੱਡੇ ਉਲਟਫੇਰ ਵਾਲੇ ਰਹੇ ਤੇ ਟੂਰਨਾਮੈਂਟ 'ਚ ਪੂਰੇ ਸਮੇਂ ਅੱਗੇ ਚਲ ਰਹੇ ਭਾਰਤ ਦੇ ਅਰਜੁਨ ਐਰਿਗਾਸੀ, ਆਰ. ਪ੍ਰਗਿਆਨੰਦਾ ਅਤੇ ਰੂਸ ਦੇ ਅਲੈਗਜ਼ੈਂਡਰ ਪ੍ਰੇਡਕੇ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੇ ਦੋ ਵਾਰ ਦੇ ਰਾਸ਼ਟਰੀ ਚੈਂਪੀਅਨ ਅਰਵਿੰਦ ਚਿਤਾਂਬਰਮ ਨੇ ਖਿਤਾਬ ਜਿੱਤਿਆ। ਅਰਵਿੰਦ ਦੁਬਈ ਓਪਨ ਦਾ ਖਿਤਾਬ ਜਿੱਤਣ ਵਾਲੇ ਭਾਰਤ ਦੇ ਦੂਜੇ ਖਿਡਾਰੀ ਬਣ ਗਏ ਹਨ, ਉਨ੍ਹਾਂ ਤੋਂ ਪਹਿਲਾਂ ਭਾਰਤ ਦੇ ਅਭਿਜੀਤ ਗੁਪਤਾ ਇਹ ਕਮਾਲ ਕਰ ਚੁੱਕੇ ਹਨ। ਅਰਵਿੰਦ ਨੇ ਪਹਿਲਾਂ ਕਿੰਗਜ਼ ਇੰਡੀਅਨ ਓਪਨ ਵਿੱਚ ਭਾਰਤ ਦੇ ਨੰਬਰ 2 ਸ਼ਤਰੰਜ ਖਿਡਾਰੀ ਅਰਜੁਨ ਅਰਿਗਾਸੀ ਨੂੰ ਕਾਲੇ ਮੋਹਰਾਂ ਨਾਲ ਹਰਾਇਆ ਅਤੇ ਫਿਰ ਫਾਈਨਲ ਰਾਊਂਡ ਵਿੱਚ ਆਰ ਪ੍ਰਗਿਆਨੰਦਾ ਨਾਲ ਡਰਾਅ ਖੇਡਦੇ ਹੋਏ 7.5 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। 

7 ਅੰਕ ਲੈ ਕੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਰੂਸ ਦਾ ਸਿਖਰਲਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਪ੍ਰੇਡਕੇ ਦੂਜੇ ਅਤੇ ਪ੍ਰਗਿਆਨੰਦਾ ਤੀਜੇ ਸਥਾਨ 'ਤੇ ਰਿਹਾ, 7 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ 'ਤੇ ਅਭਿਜੀਤ ਗੁਪਤਾ, ਸੰਮੇਦ ਸ਼ੇਟੇ ਅਤੇ ਐਸਪੀ ਸੇਥੁਰਮਨ ਕ੍ਰਮਵਾਰ ਚੌਥੇ ਤੋਂ ਛੇਵੇਂ ਸਥਾਨ 'ਤੇ ਰਹੇ ਜਦਕਿ ਫਾਈਨਲ ਦੌਰ 'ਚ ਡਰਾਅ ਖੇਡਣ ਦੀ ਵਜਾ ਨਾਲ   ਅਰਜੁਨ ਇਰੀਗਾਸੀ 6.5 ਅੰਕ ਹੀ ਬਣਾ ਸਕਿਆ ਅਤੇ ਟਾਈਬ੍ਰੇਕ ਦੇ ਆਧਾਰ 'ਤੇ ਸੱਤਵੇਂ ਸਥਾਨ 'ਤੇ ਰਿਹਾ। 6.5 ਅੰਕ ਹਾਸਲ ਕਰਕੇ ਸਰਬੀਆ ਦੇ ਇੰਡਿਕ ਅਲੈਗਜ਼ੈਂਡਰ, ਈਰਾਨ ਦੇ ਕਿਆਨ ਸਈਦ ਅਤੇ ਭਾਰਤ ਦੇ ਹਰਸ਼ਾ ਭਾਰਤਕੋਠੀ ਕ੍ਰਮਵਾਰ ਅੱਠਵੇਂ ਤੋਂ ਦਸਵੇਂ ਸਥਾਨ 'ਤੇ ਰਹੇ। ਮਹਿਲਾ ਖਿਡਾਰਨਾਂ ਵਿੱਚ ਦਿਵਿਆ ਦੇਸ਼ਮੁਖ 5.5 ਅੰਕ ਲੈ ਕੇ ਸਰਵੋਤਮ ਮਹਿਲਾ ਖਿਡਾਰਨ ਰਹੀ ਜਦਕਿ ਭਾਰਤ ਦੇ ਆਯੂਸ਼ ਸ਼ਰਮਾ ਆਪਣਾ ਪਹਿਲਾ ਗ੍ਰੈਂਡ ਮਾਸਟਰ ਨਾਰਮ ਹਾਸਲ ਕਰਨ ਵਿੱਚ ਸਫਲ ਰਹੀ।


author

Tarsem Singh

Content Editor

Related News