ਤੀਰਅੰਦਾਜ਼ੀ ਵਿਸ਼ਵ ਕੱਪ: ਮਹਿਲਾ ਰਿਕਰਵ ਟੀਮ ਨੇ ਜਿੱਤਿਆ ਕਾਂਸੀ ਤਗਮਾ
Thursday, May 19, 2022 - 02:38 PM (IST)
ਗਵਾਂਗਜੂ (ਏਜੰਸੀ)- ਭਾਰਤੀ ਰਿਕਰਵ ਟੀਮ ਨੇ ਵੀਰਵਾਰ ਨੂੰ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ-2 ਵਿੱਚ ਚੀਨੀ ਤਾਪੇਈ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਕੋਮਲਿਕਾ ਬਾਰੀ, ਅੰਕਿਤਾ ਭਕਤ ਅਤੇ ਰਿਧੀ ਦੀ ਭਾਰਤੀ ਤਿਕੜੀ ਨੇ ਚੀਨੀ ਤਾਪੇਈ ਨੂੰ 6-2 ਨਾਲ ਹਰਾ ਕੇ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਭਾਰਤ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਪਹਿਲੇ ਦੋ ਸੈੱਟ 56-52, 54-51 ਨਾਲ ਜਿੱਤੇ। ਤਾਪੇਈ ਨੇ 55-54 ਨਾਲ ਵਾਪਸੀ ਕਰਦਿਆਂ ਤੀਜਾ ਸੈੱਟ ਜਿੱਤ ਲਿਆ ਪਰ ਭਾਰਤ ਨੇ ਸ਼ੂਟ-ਆਫ ਕਰਾਉਣ ਦੀਆਂ ਚੀਨ ਦੀਆਂ ਉਮੀਦਾਂ 'ਤੇ ਪਾਣੀ ਫੇਰਦੇ ਹੋਏ ਚੌਥਾ ਸੈੱਟ 55-54 ਨਾਲ ਜਿੱਤ ਕੇ ਆਪਣੇ ਨਾਮ ਕੀਤਾ। ਦੂਜੇ ਪਾਸੇ ਤਰੁਣਦੀਪ ਰਾਏ, ਨੀਰਜ ਚੌਹਾਨ ਅਤੇ ਜਯੰਤ ਤਾਲੁਕਦਾਰ ਦੀ ਪੁਰਸ਼ ਰਿਕਰਵ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਫਰਾਂਸ ਹੱਥੋਂ 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਰਿਕਰਵ ਟੀਮ ਨੇ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਕੁੱਲ ਦੋ ਤਗਮੇ ਜਿੱਤੇ ਹਨ। ਇਸ ਤੋਂ ਪਹਿਲਾਂ ਅਵਨੀਤ ਕੌਰ, ਮੁਸਕਾਨ ਕਿਰਾਰ ਅਤੇ ਪ੍ਰਿਆ ਗੁਰਜਰ ਨੇ ਬੁੱਧਵਾਰ ਨੂੰ ਤੁਰਕੀ ਦੀ ਆਇਸ਼ਾ ਬੇਰਾ ਸੁਜ਼ਾਰ, ਯੇਸਿਮ ਬੋਸਤਾਨ ਅਤੇ ਸਿੰਗੁਲ ਲੋਕ ਨੂੰ 232-231 ਨਾਲ ਹਰਾ ਕੇ ਕੰਪਾਊਂਡ ਮਹਿਲਾ ਕਾਂਸੀ ਦਾ ਤਗਮਾ ਜਿੱਤਿਆ ਸੀ। ਦੂਜੇ ਪਾਸੇ ਪੁਰਸ਼ਾਂ ਦੀ ਕੰਪਾਊਂਡ ਟੀਮ ਨੇ ਵੀ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਸ਼ਨੀਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਨੇ ਅੰਤਾਲਿਆ ਵਿੱਚ ਹੋਏ ਵਿਸ਼ਵ ਕੱਪ ਸਟੇਜ-1 ਵਿੱਚ ਦੋ ਸੋਨ ਤਗਮੇ ਜਿੱਤੇ ਸਨ। ਇਸ ਸਟੇਜ 'ਚ ਜੇਤੂ ਟੀਮਾਂ ਅਕਤੂਬਰ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣਗੀਆਂ।