ਅੰਕਿਤਾ ਟੈਨਿਸ ਰੈਂਕਿੰਗ ''ਚ ਚੋਟੀ ਦੇ 200 ''ਚ ਪਹੁੰਚਣ ਵਾਲੀ ਤੀਜੀ ਭਾਰਤੀ ਮਹਿਲਾ ਬਣੀ

04/10/2018 11:12:43 AM

ਨਵੀਂ ਦਿੱਲੀ, (ਬਿਊਰੋ)— ਟੈਨਿਸ ਖਿਡਾਰਨ ਅੰਕਿਤਾ ਰੈਨਾ ਤਾਜ਼ਾ ਡਬਲਿਊ.ਟੀ.ਏ. ਰੈਂਕਿੰਗ ਦੇ ਸਿੰਗਲ ਖਿਡਾਰੀਆਂ ਵਿੱਚ ਸਿਖਰਲੀ 200 ਵਿੱਚ ਜਗ੍ਹਾ ਬਣਾਉਣ ਵਾਲੀ ਦੇਸ਼ ਦੀ ਤੀਜੀ ਖਿਡਾਰਨ ਬਣ ਗਈ । ਤਾਜ਼ਾ ਰੈਂਕਿੰਗ ਵਿੱਚ 15 ਸਥਾਨਾਂ ਦੇ ਸੁਧਾਰ ਦੇ ਨਾਲ 25 ਸਾਲ ਦੀ ਅੰਕਿਤਾ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿਗ 197ਵੇਂ ਉੱਤੇ ਪਹੁੰਚ ਗਈ । ਉਨ੍ਹਾਂ ਤੋਂ ਪਹਿਲਾਂ ਇਹ ਸਥਾਨ ਨਿਰੂਪਮਾ ਵੈਦਿਆਨਾਥਨ ਅਤੇ ਸਾਨੀਆ ਮਿਰਜ਼ਾ ਨੇ ਹਾਸਲ ਕੀਤਾ ਸੀ ।  

ਸਾਨੀਆ 2007 ਵਿੱਚ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿਗ 27ਵੇਂ ਸਥਾਨ ਉੱਤੇ ਪਹੁੰਚੀ ਸੀ ਜਦੋਂ ਕਿ ਨਿਰੂਪਮਾ 1997 ਵਿੱਚ 134ਵੀਂ ਰੈਂਕਿੰਗ ਤੱਕ ਪਹੁੰਚੀ ਸੀ । ਜਾਪਾਨ ਵਿੱਚ ਆਈ.ਟੀ.ਐੱਫ. ਸਰਕਟ ਵਿੱਚ ਖੇਡ ਰਹੀ ਅੰਕਿਤਾ ਨੇ ਕਿਹਾ, ''ਮੈਂ ਕਾਫ਼ੀ ਮਿਹਨਤ ਕੀਤੀ ਹੈ ਅਤੇ ਇਸ ਸਥਾਨ ਤੱਕ ਪੁੱਜਣ ਲਈ ਬਹੁਤ ਸਬਰ ਵਿਖਾਇਆ ਹੈ । ਪਿਛਲੇ ਕਾਫ਼ੀ ਸਮੇਂ ਤੋਂ ਮੈਂ ਰੈਂਕਿੰਗ ਵਿੱਚ 200 ਤੋਂ 250 ਦੇ ਵਿੱਚ ਸੀ । ਇਸ ਰੁਕਾਵਟ ਨੂੰ ਪਾਰ ਕਰਨ ਵਿੱਚ ਥੋੜ੍ਹਾ ਸਮਾਂ ਲੱਗਾ ।'' ਮਹਿਲਾ ਸਿੰਗਲ ਰੈਂਕਿੰਗ ਵਿੱਚ ਕਰਮਨ ਕੌਰ ਥਾਂਡੀ ਦੂਜੀ ਸਰਵਸ਼੍ਰੇਸ਼ਠ ਭਾਰਤੀ ਹੈ ਜਿਨ੍ਹਾਂ ਦੀ ਰੈਂਕਿੰਗ 267ਵੀਂ ਦੀ ਹੈ । 

ਏਟੀਪੀ ਰੈਂਕਿੰਗ ਵਿੱਚ 105ਵੇਂ ਸਥਾਨ ਉੱਤੇ ਯੁਕੀ ਭਾਂਬਰੀ ਭਾਰਤ ਦੇ ਸਿਖਰਲੇ ਸਿੰਗਲ ਖਿਡਾਰੀ ਹਨ । ਉਨ੍ਹਾਂ ਦੇ ਬਾਅਦ ਰਾਮਕੁਮਾਰ ਰਾਮਨਾਥਨ (133), ਸੁਮਿਤ ਨਾਗਲ (213),  ਪ੍ਰਜਨੇਸ਼ ਗੁਣੇਸ਼ਵਰਨ (264)  ਅਤੇ ਅਰਜੁਨ ਖਾੜੇ (396)  ਦਾ ਨੰਬਰ ਆਉਂਦਾ ਹੈ । ਡਬਲਜ਼ ਰੈਂਕਿੰਗ ਵਿੱਚ ਰੋਹਨ ਬੋਪੰਨਾ ਸਿਖਰਲੇ ਭਾਰਤੀ ਹਨ । ਉਹ 19ਵੇਂ ਸਥਾਨ ਉੱਤੇ ਕਾਬਜ ਹਨ । ਇਸ ਵਿੱਚ ਦਿਵਿਜ ਸ਼ਰਨ 42ਵੇਂ ਸਥਾਨ ਉੱਤੇ ਹਨ ਜਦੋਂ ਕਿ ਲਿਏਂਡਰ ਪੇਸ 45ਵੀਂ ਪਾਏਦਾਨ 'ਤੇ ਹਨ ।


Related News