ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ ਐਂਡਰਿਊ ਮੈਕਡੋਨਾਲਡ

04/13/2022 12:33:36 PM

ਮੈਲਬੌਰਨ (ਏਜੰਸੀ) : ਐਂਡਰਿਊ ਮੈਕਡੋਨਲਡ ਨੂੰ ਆਸਟਰੇਲੀਆਈ ਪੁਰਸ਼ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਇਕਰਾਰਨਾਮਾ 4 ਸਾਲਾਂ ਲਈ ਹੈ। ਕ੍ਰਿਕਟ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਕਿਹਾ ਕਿ ਅੰਤਰਿਮ ਕੋਚ ਬਣਨ ਤੋਂ ਬਾਅਦ ਮੈਕਡੋਨਲਡ ਨਾਲ ਸਥਾਈ ਇਕਰਾਰਨਾਮਾ ਕੀਤਾ ਗਿਆ, ਕਿਉਂਕਿ ਜਸਟਿਨ ਲੈਂਗਰ ਫਰਵਰੀ ਵਿਚ ਇਕਰਾਰਨਾਮਾ ਵਧਾਉਣ ਲਈ ਸਹਿਮਤ ਨਹੀਂ ਹੋਏ ਸਨ। ਮੈਕਡੋਨਲਡ ਨੂੰ ਪਾਕਿਸਤਾਨ ਵਿੱਚ ਆਸਟਰੇਲੀਆ ਦੇ 1-0 ਨਾਲ ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਇਸ ਅਹੁਦੇ ਲਈ ਪੂਰੇ ਸਮੇਂ ਲਈ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਸੀ। ਉਨ੍ਹਾਂ ਕਿਹਾ, 'ਹੁਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ ਅਤੇ ਮੈਨੂੰ ਇਹ ਸ਼ਾਨਦਾਰ ਮੌਕਾ ਮਿਲਣ 'ਤੇ ਮਾਣ ਮਹਿਸੂਸ ਹੋ ਰਿਹਾ ਹੈ ਜਿਸ ਨਾਲ ਅੱਗੇ ਦਾ ਰਸਤਾ ਰੋਮਾਂਚਕ ਹੋਵੇਗਾ।'

ਮੈਕਡੋਨਲਡ 2019 ਵਿੱਚ ਆਸਟਰੇਲੀਆ ਦੀ ਕੋਚਿੰਗ ਟੀਮ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਕਟੋਰੀਆ ਸਟੇਟ ਅਤੇ ਮੈਲਬੋਰਨ ਰੇਨੇਗੇਡਜ਼ ਨੂੰ 2018-19 ਸੀਜ਼ਨ ਦੌਰਾਨ ਸਾਰੇ ਤਿੰਨੋਂ ਘਰੇਲੂ ਮੁਕਾਬਲਿਆਂ ਦੇ ਖ਼ਿਤਾਬ ਦਿਵਾਏ ਸਨ। ਸਾਬਕਾ ਟੈਸਟ ਆਲਰਾਊਂਡਰ ਮੈਕਡੋਨਲਡ ਇੰਡੀਅਨ ਪ੍ਰੀਮੀਅਰ ਲੀਗ ਅਤੇ ਇੰਗਲਿਸ਼ ਕਾਉਂਟੀ ਕ੍ਰਿਕਟ ਵਿੱਚ ਮੁੱਖ ਕੋਚਿੰਗ ਦੀਆਂ ਭੂਮਿਕਾਵਾਂ ਨਿਭਾਅ ਚੁੱਕੇ ਹਨ। ਉਹ ਆਸਟਰੇਲੀਆਈ ਟੀਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਲੈਂਗਰ ਦੇ ਸੀਨੀਅਰ ਸਹਾਇਕ ਕੋਚ ਰਹੇ ਸਨ। ਮੈਕਡੋਨਲਡ ਪਿਛਲੇ ਹਫ਼ਤੇ ਪਾਕਿਸਤਾਨ ਦੇ ਤਿੰਨ ਟੈਸਟ ਮੈਚਾਂ ਦੇ ਦੌਰੇ ਤੋਂ ਵਾਪਸ ਪਰਤੇ, ਜਿਸ ਵਿੱਚ ਟੀਮ ਇੱਕ ਰੋਜ਼ਾ ਸੀਰੀਜ਼ ਵਿੱਚ ਹਾਰ ਗਈ ਸੀ ਅਤੇ ਇੱਕਮਾਤਰ ਟੀ-20 ਅੰਤਰਰਾਸ਼ਟਰੀ ਜਿੱਤੀ ਸੀ।


 


cherry

Content Editor

Related News