ਡੇਰਾ ਬਾਬਾ ਨਾਨਕ ਨੇੜੇ ਐਨਕਾਊਂਟਰ! ਮੈਡੀਕਲ ਸਟੋਰ ਮਾਲਕ ਕਤਲ ਮਾਮਲੇ ਦਾ ਮੁੱਖ ਸ਼ੂਟਰ ਜ਼ਖ਼ਮੀ
Monday, Feb 09, 2026 - 09:26 PM (IST)
ਗੁਰਦਾਸਪੁਰ/ਡੇਰਾ ਬਾਬਾ ਨਾਨਕ (ਹਰਮਨ) : ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਬਟਾਲਾ ਪੁਲਸ ਤੇ ਬਦਮਾਸ਼ਾਂ ਦਰਮਿਆਨ ਹੋਏ ਮੁਕਾਬਲੇ ਦੌਰਾਨ ਮੈਡੀਕਲ ਸਟੋਰ ਮਾਲਕ ਰਣਦੀਪ ਸਿੰਘ ਦੇ ਕਤਲ ਮਾਮਲੇ ਦਾ ਮੁੱਖ ਸ਼ੂਟਰ ਨਿਸ਼ਾਨ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲਸ ਨੇ ਉਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਵਿੱਚ ਮੈਡੀਕਲ ਸਟੋਰ ਮਾਲਕ ਰਣਦੀਪ ਸਿੰਘ ’ਤੇ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਨੂੰ ਫਿਰੌਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਪੁਲਸ ਵੱਲੋਂ ਅੱਜ ਨਿਸ਼ਾਨ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਹਸਪਤਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਪੁਲਸ ਅਨੁਸਾਰ ਦੇਰ ਸ਼ਾਮ ਨਿਸ਼ਾਨ ਸਿੰਘ ਨੂੰ ਪਿਸਤੌਲ ਦੀ ਬਰਾਮਦਗੀ ਲਈ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਇੱਕ ਸੁੰਨਸਾਨ ਥਾਂ ’ਤੇ ਲਿਆਂਦਾ ਗਿਆ। ਇਸ ਦੌਰਾਨ ਉਸ ਨੇ ਅਚਾਨਕ ਪਿਸਤੌਲ ਕੱਢ ਕੇ ਪੁਲਸ ਟੀਮ ’ਤੇ ਫਾਇਰਿੰਗ ਕਰ ਦਿੱਤੀ। ਨਿਸ਼ਾਨ ਸਿੰਘ ਵੱਲੋਂ ਚਾਰ ਰਾਊਂਡ ਫਾਇਰ ਕੀਤੇ ਗਏ, ਜਿਸ ਦੇ ਜਵਾਬ ਵਿੱਚ ਪੁਲਸ ਨੇ ਵੀ ਫਾਇਰਿੰਗ ਕੀਤੀ। ਮੁਕਾਬਲੇ ਦੌਰਾਨ ਨਿਸ਼ਾਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਇਸ ਵਾਰਦਾਤ ਵਿੱਚ ਸ਼ਾਮਲ ਸ਼ੂਟਰ ਦੇ ਹੋਰ ਦੋ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਦੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨਾਲ ਸਿੱਧੇ ਸੰਪਰਕ ਹਨ ਅਤੇ ਮੈਡੀਕਲ ਸਟੋਰ ਮਾਲਕ ਕੋਲੋਂ ਫਿਰੌਤੀ ਦੀ ਮੰਗ ਪੂਰੀ ਨਾ ਹੋਣ ਕਾਰਨ ਹੀ ਇਹ ਹਮਲਾ ਕੀਤਾ ਗਿਆ ਸੀ। ਪੁਲਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
