ਲੁਧਿਆਣਾ ਪੁਲਸ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ, ਮੁੱਖ ਮਾਰਗ ਜਾਮ
Monday, Feb 09, 2026 - 02:49 PM (IST)
ਲੁਧਿਆਣਾ (ਰਾਜ): ਬਾਠ ਕੈਸਲ ਗੋਲੀਕਾਂਡ ਦੇ ਮੁਲਜ਼ਮਾਂ ਦੀ ਅਜੇ ਤਕ ਗ੍ਰਿਫ਼ਤਾਰੀ ਨਾ ਹੋਣ ਤੋਂ ਭੜਕੇ ਪੀੜਤ ਪਰਿਵਾਰਾਂ ਦਾ ਸਬਰ ਅੱਜ ਜਵਾਬ ਦੇ ਗਿਆ। ਇਨਸਾਫ਼ ਦੀ ਗੁਹਾਰਰ ਲੈ ਕੇ ਪਰਿਵਾਰ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪੁਲਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਤੇ ਮੁੱਖ ਮਾਰਗ ਕਰ ਦਿੱਤਾ। ਇਸ ਦੌਰਾਨ ਪੁਲਸ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਜਿਸ ਨਾਲ ਪੂਰੇ ਇਲਾਕੇ ਵਿਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਧਰਨੇ 'ਤੇ ਬੈਠੇ ਪਰਿਵਾਰਕ ਮੈਂਬਰਾਂ ਦਾ ਸਿੱਧਾ ਦੋਸ਼ ਹੈ ਕਿ ਗੋਲੀਕਾਂਡ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅੱਜ ਵੀ ਬੇਖੌਫ਼ ਬਾਹਰ ਘੁੰਮ ਰਹੇ ਹਨ, ਪਰ ਪੁਲਸ ਹੱਥ 'ਤੇ ਹੱਥ ਧਰੀ ਬੈਠੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ, "ਸਾਡੇ ਘਰ ਦੇ ਚਿਰਾਗ ਬੁੱਝ ਗਏ, ਪਰ ਪੁਲਸ ਮੁਲਜ਼ਮਾਂ ਨੂੰ ਫੜਣ ਦੀ ਬਜਾਏ ਕੁੰਭਕਰਨੀ ਨੀਂਦੇ ਸੋ ਰਹੀ ਹੈ।"
ਉੱਥੇ ਹੀ ਮਹਾਨਗਰ ਵਿਚ ਆਪ੍ਰੇਸ਼ਨ ਪ੍ਰਹਾਰ-2 ਦੇ ਦਾਅਵਿਆਂ ਵਿਚਾਲੇ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਲੱਗਿਆ ਇਹ ਜਾਮ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਪੀੜਤ ਪਰਿਵਾਰ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤਕ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਨਹੀਂ ਮਿਲਦੀ, ਉਦੋਂ ਤਕ ਇਹ ਸੰਘਰਸ਼ ਜਾਰੀ ਰਹੇਗਾ। ਮੌਕੇ 'ਤੇ ਭਾਰੀ ਪੁਲਸ ਫ਼ੋਰਸ ਤਾਇਨਾਤ ਹੈ ਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
