ਫਿਡੇ ਆਨਲਾਈਨ ਸ਼ਤਰੰਜ : ਸਿਰਫ 17 ਚਾਲਾਂ ’ਚ ਜਿੱਤਿਆ ਆਨੰਦ ਪਰ ਭਾਰਤ ਜਿੱਤ ਨਹੀਂ ਸਕਿਆ

05/09/2020 2:05:13 PM

ਮਾਸਕੋ (ਨਿਕਲੇਸ਼ ਜੈਨ)- ਕੋਰੋਨਾ ਵਾਇਰਸ ਕਾਰਣ ਜਰਮਨੀ ਵਿਚ ਫਸਿਆ ਭਾਰਤ ਦਾ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਉਥੇ ਬੈਠ ਕੇ ਵੀ ਦੇਸ਼ ਲਈ ਆਨਲਾਈਨ ਸ਼ਤਰੰਜ ਮੁਕਾਬਲੇ ਜਿੱਤ ਕੇ ਦੇਸ਼ ਨੂੰ ਸਨਮਾਨਿਤ ਕਰ ਰਿਹਾ ਹੈ। ਫਿਡੇ ਆਨਲਾਈਨ ਨੇਸ਼ਨਜ਼ ਕੱਪ ਵਿਚ ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਹੈ ਤੇ ਟੀਮ ਤੀਜੇ ਦਿਨ ਵੀ ਕੋਈ ਜਿੱਤ ਹਾਸਲ ਨਹੀਂ ਕਰ ਸਕੀ। ਭਾਰਤ ਨੇ ਰੂਸ ਦੇ ਨਾਲ 2-2 ਨਾਲ ਡਰਾਅ ਖੇਡਿਆ ਤੇ ਅਮਰੀਕਾ ਵਿਰੱੁਧ ਉਸ ਨੂੰ 1.5-2.5 ਨਾਲ ਹਾਰ ਝੱਲਣੀ ਪਈ। 

5ਵੇਂ ਰਾਊਂਡ ਵਿਚ ਸਿਰਫ ਸ਼ੁਰੂਆਤੀ 10 ਮਿੰਟ ਦੀ ਖੇਡ ਵਿਚ ਵੀ ਪਹਿਲੇ ਬੋਰਡ ’ਤੇ ਖੇਡ ਰਹੇ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਰੂਸ ਦੇ ਧਾਕੜ ਖਿਡਾਰੀ ਵਿਸ਼ਵ ਨੰਬਰ-5 ਇਯਾਨ ਨੈਪੋਮਨਿਆਚੀ ਨੂੰ ਸਿਰਫ 17 ਚਾਲਾਂ ਵਿਚ ਹਰਾਉਂਦੇ ਹੋਏ ਤਹਿਲਕਾ ਮਚਾ ਦਿੱਤਾ। ਹੁਣ ਤਕ ਇਹ ਇਸ ਟੂਰਨਾਮੈਂਟ ਦੀ ਸਭ ਤੋਂ ਤੇਜ਼ ਜਿੱਤ ਸੀ। ਤੀਜੇ ਬੋਰਡ ’ਤੇ ਅਧਿਬਨ ਭਾਸਕਰਨ ਨੇ ਧਾਕੜ ਸੇਰਗੀ ਕਾਰਯਾਕਿਨ ਨੂੰ ਡਰਾਅ ’ਤੇ ਰੋਕਦੇ ਹੋਏ ਸਕੋਰ 1.5-0.5 ਕਰ ਦਿੱਤਾ। ਚੌਥੇ ਬੋਰਡ ’ਤੇ ਟੂਰਨਾਮੈਂਟ ਵਿਚ ਆਪਣਾ ਪਹਿਲਾ ਮੁਕਾਬਲਾ ਖੇਡ ਰਹੀ ਹਰਿਕਾ ਦ੍ਰੋਣਾਵਲੀ ਨੇ ਗਿਰਿਆ ਓ ਲਗਾ ਨਾਲ ਡਰਾਅ ਖੇਡਦੇ ਹੋਏ ਸਕੋਰ 2-2 ਕਰ ਦਿੱਤਾ। ਅਜਿਹੇ ਵਿਚ ਨਜ਼ਰਾਂ ਸਨ ਜਿੱਤ ਦੇ ਅੱਧੇ ਅੰਕ ਲਈ ਪੇਂਟਾਲਾ ਹਰਿਕ੍ਰਿਸ਼ਣਾ ’ਤੇ, ਜਿਹੜਾ ਆਰਟਮਿਵ ਬਲਾਦਿਸਲਾਵ ਤੋਂ ਬਿਹਤਰ ਸਥਿਤੀ ਵਿਚ ਸੀ ਪਰ ਅੰਤ ਵਿਚ ਭਾਰਤ ਨੂੰ ਜ਼ੋਰਦਾਰ ਝਟਕਾ ਲੱਗਾ, ਜਦੋਂ ਇਕ ਵਾਰ ਫਿਰ ਸਮੇਂ ਦੇ ਦਬਾਅ ਵਿਚ ਹਰਿਕ੍ਰਿਸ਼ਣਾ ਗਲਤੀਆਂ ਕਰਦਾ ਗਿਆ ਤੇ ਮੁਕਾਬਲਾ ਹਾਰ ਗਿਆ। 

6ਵੇਂ ਰਾਊਂਡ ਵਿਚ ਭਾਰਤ ਦੇ ਸਾਹਮਣੇ ਅਮਰੀਕਾ ਸੀ। ਇਸ ਵਾਰ ਪਹਿਲਾ ਨਤੀਜਾ ਆਇਆ ਦੂਜੇ ਬੋਰਡ ’ਤੇ, ਜਿੱਥੇ ਵਿਦਿਤ ਗੁਜਰਾਤੀ ਨੇ ਵਿਸ਼ਵ ਨੰਬਰ-2 ਫਾਬਿਆਨੋ ਕਾਰੂਆਨਾ ਨੂੰ ਡਰਾਅ ’ਤੇ ਰੋਕ ਕੇ ਅੱਧਾ ਅੰਕ ਦਿਵਾਇਆ ਤੇ ਕੋਨੇਰੂ ਹੰਪੀ ਨੇ ਚੌਥੇ ਬੋਰਡ ’ਤੇ ਇਰਿਨਾ ਕ੍ਰਿਸ਼ ਨਾਲ ਮੁਕਾਬਲਾ ਡਰਾਅ ਖੇਡ ਕੇ ਸਕੋਰ 1-1 ਕਰ ਦਿੱਤਾ। ਤੀਜੇ ਬੋਰਡ ’ਤੇ ਅਧਿਬਨ ਭਾਸਕਰਨ ਨੂੰ ਵੇਸਲੀ ਸੋਅ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ, ਅਜਿਹੇ ਵਿਚ ਸਾਰਿਆਂ ਦੀਅਆਂ ਨਜ਼ਰਾਂ ਪਹਿਲੇ ਬੋਰਡ ’ਤੇ ਵਿਸ਼ਵਨਾਥਨ ਆਨੰਦ ਤੇ ਹਿਕਾਰੂ ਨਾਕਾਮੁਰਾ ਦੇ ਮੁਕਾਬਲੇ ’ਤੇ ਸਨ, ਜਿੱਥੇ ਆਨੰਦ ਜਿੱਤ ਲਈ ਬਹੁਤ ਜ਼ੋਰ ਲਾ ਰਿਹਾ ਸੀ ਪਰ ਆਖਿਰਕਾਰ ਮੁਕਾਬਲਾ ਡਰਾਅ ਰਿਹਾ ਤੇ ਭਾਰਤ 1.5-2.5 ਨਾਲ ਅਮਰੀਕਾ ਹੱਥੋਂ ਹਾਰ ਗਿਆ। 

11 ਅੰਕਾਂ ਨਾਲ ਚੀਨ ਪਹਿਲੇ ਸਥਾਨ ’ਤੇ
ਰਾਊਂਡ-6 ਦੀ ਸਮਾਪਤੀ ’ਤੇ ਚੀਨ 11 ਅੰਕ ਲੈ ਕੇ ਪਹਿਲੇ, ਯੂਰਪ 9 ਅੰਕ ਲੈ ਕੇ ਦੂਜੇ ਤੇ ਅਮਰੀਕਾ 7 ਅੰਕ ਲੈ ਕੇ ਤੀਜੇ ਸਥਾਨ ’ਤੇ ਚੱਲ ਰਿਹਾ ਹੈ, ਜਦਕਿ ਰੂਸ 5 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਭਾਰਤ ਫਿਲਹਾਲ 2 ਅੰਕਾਂ ਨਾਲ 5ਵੇਂ ਤੇ ਰੈਸਟ ਆਫ ਦਿ ਵਰਲਡ 2 ਅੰਕਾਂ ਨਾਲ ਹੀ ਅਾਖਰੀ ਸਥਾਨ ’ਤੇ ਹੈ।


Ranjit

Content Editor

Related News